85 ਵੀਂ ਸੰਵਿਧਾਨਿਕ ਸੋਧ ਨੂੰ ਤੁਰੰਤ ਲਾਗੂ ਕਰਨ ਲਈ ਡਾ. ਵੇਰਕਾ ਨੂੰ ਮਿਲਿਆ ਵਫ਼ਦ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 6 ਅਕਤੂਬਰ 2021: ਅੱਜ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਦਾ ਵਫ਼ਦ ਜਥੇਬੰਦੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ,ਜਨਰਲ ਸਕੱਤਰ ਪੰਜਾਬ ਲਛਮਣ ਸਿੰਘ ਨਬੀਪੁਰ, ਮੀਤ ਪ੍ਰਧਾਨ ਪੰਜਾਬ ਪਰਵਿੰਦਰ ਭਾਰਤੀ ,ਵਿੱਤ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਗੁਰੂ ਸਹਿਤ ,ਸਮਾਜਿਕ ਨਿਆਂ ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ ਮੰਤਰੀ ਪੰਜਾਬ ਰਾਜ ਕੁਮਾਰ ਵੇਰਕਾ ਜੀ ਨੂੰ ਮਿਲਿਆ।
ਵਫ਼ਦ ਵਲੋਂ ਐਸ ਸੀ ਬੀ ਸੀ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ85 ਵੀ ਸੰਵਿਧਾਨਿਕ ਸੋਧ ਲਾਗੂ ਕਰਨ, 10.10.2014 ਦਾ ਗੈਰ ਸੰਵਿਧਾਨਿਕ ਪੱਤਰ ਰੱਦ ਕਰਨ, ਰੋਸਟਰ ਰਜਿਸਟਰਾਂ ਚੈਕ ਕਰਨ ਸਮੇਂ ਭਲਾਈ ਵਿਭਾਗ ਵਲੋਂ ਨਿਯਮਾਂ ਦੀ ਕੀਤੀ ਜਾਂਦੀ ਅਣਦੇਖੀ, ਬੈਕਲਾਗ ਦੇਣ ਸਮੇਂ ਕੀਤੀ ਜਾ ਰਹੀ ਅਣਗਹਿਲੀ ,ਬੱਚਿਆਂ ਨੂੰ ਪੋਸਟ ਮੈਟ੍ਰਿਕ ਵਜੀਫਿਆਂ ਨੂੰ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਡੀਪੀ ਆਈ ਦਫਤਰਾਂ ਵਲੋਂ ਗ਼ਲਤ ਬਣਾਈਆਂ ਜਾ ਰਹੀਆਂ ਤਰੱਕੀ ਸੂਚੀਆਂ ,ਸਿੱਧੀ ਭਰਤੀ ਸਮੇਂ ਉੱਚ ਮੈਰਿਟ ਉਮੀਦਵਾਰ ਨੂੰ ਓਪਨ ਮੈਰਿਟ ਵਿੱਚ ਨਾ ਸ਼ਾਮਿਲ ਕਰਨ ,ਓ ਬੀ ਸੀ ਸਮਾਜ ਲਈ ਮੰਡਲ ਕਮਿਸ਼ਨ ਰੀਪੋਰਟ ਲਾਗੂ ਕਰਕੇ ਕੇਂਦਰ ਸਰਕਾਰ ਦੀ ਤਰਜ਼ ਤੇ ਸਰਕਾਰੀ ਨੌਕਰੀਆਂ ਵਿੱਚ 27% ਰਾਖਵਾਂਕਰਨ ਲਾਗੂ ਦੇਣ ਸਹਿਤ ਕਈ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ।ਵੇਰਕਾ ਸਾਹਿਬ ਵਲੋਂ ਉਪਰੋਕਤ ਸਭ ਮਸਲਿਆਂ ਤੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਸਹਿਤ ਬਹੁਤ ਜਲਦ ਜਥੇਬੰਦੀ ਨੂੰ ਪੈਨਲ ਮੀਟਿੰਗ ਦੇਣ ਦਾ ਭਰੋਸਾ ਦਿੱਤਾ ।ਉਨ੍ਹਾਂ ਵਲੋਂ ਜਥੇਬੰਦੀ ਦਾ ਮੰਗ ਪੱਤਰ ਉਸੇ ਸਮੇਂ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਕਾਰਵਾਈ ਕਰਨ ਲਈ ਭੇਜਿਆ ਅਤੇ ਵਫ਼ਦ ਨੂੰ ਤੁਰੰਤ ਡਾਇਰੈਕਟਰ ਨੂੰ ਮਿਲਣ ਲਈ ਆਖਿਆ।ਵਫ਼ਦ ਵਲੋਂ ਰਾਜ ਕੁਮਾਰ ਵੇਰਕਾ ਨੂੰ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜੀ ਦੀ ਫੋਟੋ ਸਨਮਾਨ ਵਜੋਂ ਭੇਂਟ ਕੀਤੀ ਗਈ।