ਮੋਹਾਲੀ ਪ੍ਰਸ਼ਾਸਨ ਨੇ ਝੋਨੇ ਦੀ ਰੀਸਾਈਕਲਿੰਗ ਨੂੰ ਰੋਕਣ ਲਈ ਉਡਣ ਦਸਤਿਆਂ ਦਾ ਕੀਤਾ ਗਠਨ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 5 ਅਕਤੂਬਰ 2021 - ਝੋਨੇ/ਚੌਲਾਂ ਦੀ ਰੀਸਾਈਕਲਿੰਗ ਅਤੇ ਜਾਅਲੀ ਮਿਲਿੰਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਉਡਣ ਦਸਤਿਆਂ ਦਾ ਗਠਨ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ ਪੱਧਰ 'ਤੇ ਇਨ੍ਹਾਂ ਉਡਣ ਦਸਤਿਆਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਰੀਸਾਈਕਲਿੰਗ ਅਤੇ ਜਾਅਲੀ ਮਿਲਿੰਗ ਦੇ ਖ਼ਤਰੇ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਸਤਿਆਂ ਵਿੱਚ ਸਿਵਲ, ਮੰਡੀ ਬੋਰਡ, ਟੈਕਸ ਅਤੇ ਆਬਕਾਰੀ/ਜੀਐਸਟੀ ਵਿੰਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ। ਇਹ ਟੀਮਾਂ ਸਾਰੇ ਜ਼ਿਲ੍ਹੇ ਵਿੱਚ ਰਾਤ ਨੂੰ ਅਚਨਚੇਤ ਚੈਕਿੰਗ ਕਰਨਗੀਆਂ।
ਸ੍ਰੀਮਤੀ ਕਾਲੀਆ ਨੇ ਅੱਗੇ ਕਿਹਾ ਕਿ ਇਹ ਉਡਣ ਦਸਤੇ ਆਪਣੀਆਂ ਗਤੀਵਿਧੀਆਂ ਦੀ ਰੋਜ਼ਾਨਾ ਸਥਿਤੀ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਨਵਪ੍ਰੀਤ ਸਿੰਘ ਲਾਲੜੂ ਟੀਮ ਦੀ ਅਗਵਾਈ ਕਰਨਗੇ, ਜਿਸ ਵਿੱਚ ਮੰਡੀ ਸੁਪਰਵਾਈਜ਼ਰ ਜਗਦੀਪ ਸਿੰਘ ਅਤੇ ਇੰਸਪੈਕਟਰ, ਜੀਐਸਟੀ ਵਿੰਗ ਅਮਨਦੀਪ ਦੱਤ ਐਸਏਐਸ ਨਗਰ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਬਨੂੜ ਦਸਤੇ ਦੀ ਨਿਗਰਾਨੀ ਕਰਨਗੇ, ਜਿਸ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਅਤੇ ਇੰਸਪੈਕਟਰ ਜੀਐਸਟੀ ਗੁਰਪ੍ਰੀਤ ਸਿੰਘ ਸ਼ਾਮਲ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਕ੍ਰਮਵਾਰ ਡੇਰਾਬੱਸੀ, ਖਰੜ ਅਤੇ ਕੁਰਾਲੀ ਟੀਮ ਦੀ ਅਗਵਾਈ ਕਰਨਗੇ।