ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਹੋਣਗੇ ਅਕਾਲੀ ਦਲ 'ਚ ਸ਼ਾਮਲ !
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 3 ਅਕਤੂਬਰ 2021 ਪਵਿੱਤਰ ਸ਼ਹਿਰ ਹਲਕਾ ਸੁਲਤਾਨਪੁਰ ਲੋਧੀ ਤੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਹਾਸਲ ਕਰਨ ਲਈ ਜਿੱਥੇ ਅਕਾਲੀ ਦਲ ਦੇ ਵੱਖ ਵੱਖ ਸੀਨੀਅਰ ਆਗੂ ਜੋਰ ਅਜਮਾਈ ਕਰ ਰਹੇ ਹਨ , ਉੱਥੇ ਇਸ ਵਾਰ ਕਾਂਗਰਸ ਪਾਰਟੀ ਦੇ ਦੁਆਬੇ ਦੇ ਸੀਨੀਅਰ ਆਗੂ ਤੇ ਮਿਲਕਫੈਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਿਮੰਦਰ ਸਿੰਘ ਵੀ ਯਤਨਸ਼ੀਲ ਹਨ । ਅਕਾਲੀ ਦਲ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਖਿਰ ਕੈਪਟਨ ਹਰਿਮੰਦਰ ਸਿੰਘ ਨੂੰ ਅਕਾਲੀ ਦਲ 'ਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ ਹੈ ।
ਹੋਰ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ 5 ਅਕਤੂਬਰ ਮੰਗਲਵਾਰ ਨੂੰ ਜਲੰਧਰ ਆ ਰਹੇ ਹਨ ਤੇ ਉਸ ਦੌਰਾਨ ਹੀ ਕੈਪਟਨ ਹਰਮਿੰਦਰ ਦੇ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ । ਸਮਝਿਆ ਜਾਂਦਾ ਹੈ ਕਿ ਪਾਰਟੀ ਪ੍ਰਧਾਨ ਬਾਦਲ ਸਾਹਿਬ ਹਲਕਾ ਸੁਲਤਾਨਪੁਰ ਲੋਧੀ ਤੋਂ ਇਸੇ ਦੌਰਾਨ ਹੀ ਕੈਪਟਨ ਹਰਮਿੰਦਰ ਸਿੰਘ ਨੂੰ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਹਲਕਾ ਸੁਲਤਾਨਪੁਰ ਲੋਧੀ ਤੋਂ ਪਾਰਟੀ ਉਮੀਦਵਾਰ ਐਲਾਨ ਕਰ ਸਕਦੇ ।
ਦੱਸਣਯੋਗ ਹੈ ਹਲਕਾ ਸੁਲਤਾਨਪੁਰ ਲੋਧੀ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਡਾ. ਉਪਿੰਦਰਜੀਤ ਕੌਰ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਪੰਜ ਸੀਨੀਅਰ ਅਕਾਲੀ ਆਗੂਆਂ ਇੰਜ.ਸਵਰਨ ਸਿੰਘ ਮੈਂਬਰ ਪੀ.ਏ.ਸੀ., ਜਥੇ ਸੁਖਦੇਵ ਸਿੰਘ ਨਾਨਕਪੁਰ , ਜਥੇ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ , ਜਥੇ ਹਰਜਿੰਦਰ ਸਿੰਘ ਵਿਰਕ ਤੇ ਜਥੇ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਦੇ ਨਾਮ ਪਾਰਟੀ ਪ੍ਰਧਾਨ ਨੂੰ ਦੇ ਕੇ ਅਤੇ ਮਿਲ ਕੇ ਬੇਨਤੀ ਕੀਤੀ ਕਿ ਇਹਨਾਂ 5 ਵਿੱਚੋਂ ਕਿਸੇ ਇੱਕ ਨੂੰ ਪਾਰਟੀ ਟਿਕਟ ਦੇ ਕੇ ਨਿਵਾਜਿਆ ਜਾਵੇ ਤੇ ਕਿਸੇ ਬਾਹਰੀ ਆਗੂ ਨੂੰ ਟਿਕਟ ਨਾ ਦਿੱਤੀ ਜਾਵੇ ।
ਇਸਤੋਂ ਬਾਅਦ ਫਿਰ ਕੁਝ ਤਬਦੀਲੀ ਆਈ ਤੇ ਜਦੋਂ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਕਿ ਟਿਕਟ ਕੰਬੋਜ ਭਾਈਚਾਰੇ ਨਾਲ ਸਬੰਧਿਤ ਕੈਪਟਨ ਹਰਿਮੰਦਰ ਸਿੰਘ ਨੇ ਪਾਰਟੀ ਦੇਣ ਦਾ ਵਿਚਾਰ ਕਰ ਰਹੀ ਹੈ ਤਾਂ ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਸੈਕੜੇ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਤੇ ਬੇਨਤੀ ਕੀਤੀ ਕਿ ਸਿਰਫ ਇੰਜ.ਸਵਰਨ ਸਿੰਘ ਹੀ ਯੋਗ ਮਿਹਨਤੀ ਤੇ ਸੂਝਵਾਨ ਆਗੂ ਹਨ ਤੇ ਪਾਰਟੀ ਟਿਕਟ ਉਨ੍ਹਾਂ ਨੂੰ ਦਿੱਤੀ ਜਾਵੇ ।
ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਪੀ.ਏ.ਸੀ. , ਦੁਆਬੇ ਦੇ ਯੂਥ ਆਗੂ ਜਥੇ ਸੁਖਦੇਵ ਸਿੰਘ ਨਾਨਕਪੁਰ , ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਤੇ ਯੂਥ ਅਕਾਲੀ ਦਲ ਦੇ ਕੌਮੀ ਕੋਰ ਕਮੇਟੀ ਮੈਂਬਰ ਜਥੇ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ ਵੀ ਜੰਗੀ ਪੱਧਰ ਤੇ ਸਰਗਰਮ ਸਨ । ਤਿੰਨ ਦਿਨ ਪਹਿਲਾਂ ਟਿਕਟ ਦੇ ਚਾਰ ਦਾਅਵੇਦਾਰਾਂ ਨੇ ਬਦਲਦੇ ਸਿਆਸੀ ਦ੍ਰਿਸ਼ ਨੂੰ ਭਾਂਪਦੇ ਹੋਏ ਆਪਸੀ ਏਕਤਾ ਕਰ ਲਈ ਤੇ ਜਥੇ ਸੁਖਦੇਵ ਸਿੰਘ ਨਾਨਕਪੁਰ , ਜਥੇ ਸਤਬੀਰ ਸਿੰਘ ਬਿੱਟੂ ਖੀਰਾਂਵਾਲੀ ਤੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਆਗੂ ਜਥੇ ਜਰਨੈਲ ਸਿੰਘ ਡੋਗਰਾਂਵਾਲ ਦਾ ਸਮਰਥਨ ਦਾ ਐਲਾਨ ਕਰ ਦਿੱਤਾ ਤੇ ਕੈਪਟਨ ਹਰਿਮੰਦਰ ਸਿੰਘ ਨੂੰ ਟਿਕਟ ਦੇਣ ਦਾ ਡਟ ਕੇ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ ਜਰਨੈਲ ਸਿੰਘ ਡੋਗਰਾਂਵਾਲ ਨੂੰ ਟਿਕਟ ਦੇਣ ਦੀ ਮੰਗ ਕੀਤੀ ਹੈ ।
ਦੂਜੇ ਪਾਸੇ ਇੰਜ.ਸਵਰਨ ਸਿੰਘ ਦੇ ਸਮਰਥਨ 'ਚ ਵੀ ਅਕਾਲੀ ਆਗੂਆਂ ਵੱਲੋਂ ਕੱਲ੍ਹ ਹਲਕੇ ਤੋਂ ਬਾਹਰ ਕਪੂਰਥਲਾ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਐਡਵੋਕੇਟ ਕਰਮਜੀਤ ਸਿੰਘ ਥਿੰਦ ਵੱਲੋਂ ਕਾਂਗਰਸ ਆਗੂ ਕੈਪਟਨ ਹਰਿਮੰਦਰ ਸਿੰਘ ਖਿਲਾਫ ਕਈ ਦੋਸ਼ ਲਗਾਉਂਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਜਿੱਤਣ ਦੀ ਸਮਰੱਥਾ ਰੱਖਦੇ ਇੰਜ. ਸਵਰਨ ਸਿੰਘ ਨੂੰ ਹੀ ਪਾਰਟੀ ਟਿਕਟ ਦਿੱਤੀ ਜਾਵੇ , ਕਿਉਂਕਿ ਇੰਜ.ਸਵਰਨ ਸਿੰਘ ਬੇਦਾਗ ਤੇ ਸੂਝਵਾਨ ਅਕਾਲੀ ਆਗੂ ਹਨ ।
ਅੱਜ ਸ਼ਾਮ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਾਰਟੀ ਪੱਧਰ ਤੇ ਕਰਵਾਏ ਗੁਪਤ ਸਰਵੇ ਦੇ ਆਧਾਰ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਹਰ ਹਾਲਤ 'ਚ ਸੀਟ ਜਿੱਤਣ ਲਈ ਪਾਰਟੀ ਟਿਕਟ ਕੈਪਟਨ ਹਰਿਮੰਦਰ ਸਿੰਘ ਨੂੰ ਹੀ ਦੇਣ ਦਾ ਮਨ ਬਣਾ ਲਿਆ ਹੈ ਜਿਸਦਾ ਐਲਾਨ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ ।