ਪੰਜਾਬ ਸਰਕਾਰ ਵੱਲੋਂ ਐਸ.ਸੀ ਲਾਭਪਾਤਰੀਆਂ ਲਈ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਟਰੇਨਿੰਗ
ਜੀ ਐਸ ਪੰਨੂ
ਪਟਿਆਲਾ, 24 ਸਤੰਬਰ,2021 - ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀਆਂ ਲਈ 4 ਅਕਤੂਬਰ 2021 ਤੋਂ ਦੋ ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਸਿਖਿਆਰਥੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਸਹੂਲਤ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ ਡੇਅਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਨੁਸੂਚਿਤ ਜਾਤੀ ਸਪੈਸ਼ਲ ਡੇਅਰੀ ਸਿਖਲਾਈ ਕੋਰਸ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ ਸੰਗਰੂਰ, ਬੀਜਾ (ਲੁਧਿਆਣਾ) ਅਤੇ ਚਤਾਮਲੀ (ਰੋਪੜ) ਸੈਂਟਰਾਂ ਵਿਖੇ 4 ਅਕਤੂਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੋ ਹਫ਼ਤੇ ਦੀ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਮੁਫ਼ਤ ਰੀਫਰੈਸ਼ਮੈਂਟ, ਖਾਣੇ ਤੋਂ ਇਲਾਵਾ ਦੋ ਹਜ਼ਾਰ ਰੁਪਏ ਵਜ਼ੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਦਾ ਭਰਪੂਰ ਲਾਹਾ ਲੈਣ।
ਅਸ਼ੋਕ ਰੌਣੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ 18 ਤੋਂ 50 ਸਾਲ ਉਮਰ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਪੁਰਸ਼ ਤੇ ਮਹਿਲਾਵਾਂ 29 ਸਤੰਬਰ ਨੂੰ ਸਵੇਰੇ 10:30 ਵਜੇ ਆਪਣੀ ਯੋਗਤਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਸਰਕਾਰੀ ਕੁਆਟਰ ਨੰਬਰ 313-321, ਬਲਾਕ-14 ਟਾਈਪ-5, ਘਲੋੜੀ ਗੇਟ, ਸਾਹਮਣੇ ਸਰਕਾਰੀ ਮਹਿੰਦਰਾ ਕਾਲਜ ਗੇਟ ਪਟਿਆਲਾ ਵਿਖੇ ਕਾਊਂਸਲਿੰਗ ਲਈ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 0175-2300517 'ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈਕੇ ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ, ਸੁਚੱਜੇ ਮੰਡੀਕਰਨ ਅਤੇ ਡੇਅਰੀ ਨਾਲ ਸਬੰਧਤ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਜਾਵੇਗੀ।