ਕਮੇਟੀਆਂ ਦੀ ਚੋਣ ਮੌਕੇ ਦਿੱਲੀ ਮੋਰਚੇ ਨੂੰ ਮਜਬੂਤ ਕਰਨ ਦਾ ਸੱਦਾ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ ,24ਸਤੰਬਰ2021: ਪੰਜਾਬ ਕਿਸਾਨ ਯੂਨੀਅਨ ਨੇ ਜਿਲ੍ਹਾ ਅਤੇ ਬਲਾਕ ਕਮੇਟੀ ਦੀ ਚੋਣ ਮੌਕੇ ਦਿੱਲੀ ’ਚ ਪੂਰੇ ਜੋਸ਼ਾ ਖਰੋਸ਼ ਨਾਲ ਚੱਲ ਰਹੇ ਕਿਸਾਨ ਮੋਰਚੇ ਨੂੰ ਹੋਰ ਵੀ ਮਜਬੂਤ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ, ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਜਿਲ੍ਹਾ ਪ੍ਰਧਾਨ ਜੱਗਾ ਸਿੰਘ ਧੂਰਕੋਟ ਬਦਰਾ, ਅਤੇ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਦੀ ਅਗਵਾਈ ਹੇਠ ਕੀਤੀ ਚੋਣ ਦੌਰਾਨ ਕੁਲਵਿੰਦਰ ਸਿੰਘ ਗੁਲਾਬ ਰਾਈਆ ਜਿਲ੍ਹਾ ਪ੍ਰਧਾਨ, ਹਰਦਿਆਲ ਸਿੰਘ ਕਾਲਾ ਰਾਇਆ ਮੀਤ ਪ੍ਰਧਾਨ, ਅਮਰੀਕ ਸਿੰਘ ਰਾਈਆ ਖਜਾਨਚੀ, ਬਲਾਕ ਕਮੇਟੀ ਦੀ ਚੋਣ ਵਿੱਚ ਗੁਰਪ੍ਰੀਤ ਸਿੰਘ ਗੋਕੀ ਬਲਾਕ ਪ੍ਰਧਾਨ, ਗੁਰਦੀਪ ਸਿੰਘ ਬੁੱਟੀ ਸਿੰਘ ਮੀਤ ਪ੍ਰਧਾਨ , ਜਗਸੀਰ ਸਿੰਘ ਮਹਿਰਾਜ ਜਰਨਲ ਸਕੱਤਰ ਅਤੇ ਰਜਿੰਦਰ ਸਿੰਘ ਸਰਾਂ ਨੂੰ ਖਜਾਨਚੀ ਚੁਣਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾ ਰੁਲਦੂ ਸਿੰਘ ਮਾਨਸਾ ਅਤੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦਾ ਖਾਸਾ ਸਾਮਰਾਜ ਵਿਰੋਧੀ ਅਤੇ ਸਮਾਜਵਾਦ ਪੱਖੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਸਹੀ ਦਿਸ਼ਾ ਵਿੱਚ ਚੱਲ ਰਿਹਾ ਹੈ ਜਿਸ ਨੂੰ ਜਲਦੀ ਹੀ ਉਨ੍ਹਾਂ ਨੂੰ ਸਫਲਤਾ ਮਿਲੇਗੀ। ਉਨ੍ਹਾਂ ਕਿਹਾ ਕਿ ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਲਈ ਪ੍ਰਤੀ ਏਕੜ 50ਹਜਾਰ ਮੁਆਵਜਾ ਦੇਣ ਅਤੇ ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਵਾਲੀਆਂ ਕੰਪਨੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ । ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ ਨੇ ਕਿਹਾ ਕਿ ਇਹ ਅੰਦੋਲਨ ਮੌਜੂਦਾ ਆਰਥਿਕ ਮਾਡਲ ਖਿਲਾਫ ਲੋਕ ਚੇਤਨਾ ਨੂੰ ਜਨਮ ਦੇ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਸਾਮਰਾਜੀ ਨੀਤੀਆਂ ਦੀਆਂ ਹਮਾਇਤੀ ਪਾਰਟੀਆਂ ਵੀ ਕਿਸਾਨਾਂ ਦੀ ਹਮਾਇਤ ਕਰ ਰਹੀਆਂ ਹਨ । ਇਸ ਮੌਕੇ ਬਲਾਕ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਗੋਕੀ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।