ਡਰਾਈ ਡੇਅ’’ ਵਜੋਂ ਸਰਕਾਰੀ ਸਿਹਤ ਸੰਸਥਾਵਾਂ ਦੀਆਂ ਛੱਤਾਂ ਦੀ ਕਰਵਾਈ ਸਫਾਈ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 24 ਸਤੰਬਰ 2021- ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲੇ ਭਰ ਵਿੱਚ ਡੇਂਗੂ ਤੋਂ ਬਚਾਅ ਲਈ ਜ਼ਿਲਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਰੈਪਿਡ ਰਿਸਪੌਂਸ ਟੀਮਾਂ ਦਾ ਗਠਨ ਅਤੇ ਬਲਾਕ ਪੱਧਰ ਤੱਕ ਵੱਖਰ ਡੇਂਗੂ ਵਾਰਡ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਖਦਸ਼ਾ ਹੋ ਜਾਂਦਾ ਹੈ ਕਿ ਛੱਤਾਂ ਉਪਰ ਮੀਂਹ ਦਾ ਪਾਣੀ ਖੜ ਸਕਦਾ ਹੈ, ਜਿੱਥੇ ਲਾਰਵਾ ਪੈਦਾ ਹੋਣ ਦਾ ਡਰ ਹੁੰਦਾ ਹੈ। ਉਨਾਂ ਵੱਲੋਂ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਉਹ ਸਰਕਾਰੀ ਸਿਹਤ ਨਾਲ ਸਬੰਧਿਤ ਹਰ ਇਕ ਇਮਾਰਤ ਦੀ ਛੱਤ ਦਾ ਨਿਰੀਖਣ ਜ਼ਰੂਰ ਕਰਵਾਉਣ। ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਰਪੰਚਾਂ, ਮੈਂਬਰਾਂ, ਸਕੂਲ ਅਧਿਆਪਕਾਂ ਸਕੂਲੀ ਬੱਚਿਆਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲੇ ਭਰ ਵਿੱਚ ਵੱਡੇ ਪੱਧਰ ’ਤੇ ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਹਫਤੇ ਵਿੱਚ ਇਕ ਵਾਰ ਆਪਣੇ ਕੂਲਰ, ਏ.ਸੀ, ਫਰਿੱਜ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਕੰਟੇਨਰ ਜ਼ਰੂਰ ਸਾਫ ਕਰਨ, ਆਪਣੀਆਂ ਛੱਤਾਂ ਤੇ ਆਲੇ ਦੁਆਲੇ ਟੁੱਟੇ ਪੁਰਾਣੇ ਡੱਬੇ, ਪੀਪੇ ,ਘੜੇ ਅਤੇ ਪੁਰਾਣੇ ਟਾਇਰ ਨਾ ਰੱਖੇ ਜਾਣ ਅਤੇ ਓਵਰਹੈਡ ਟੈਂਕਾਂ ਨੂੰ ਪੂਰੀ ਤਰਾਂ ਢੱਕ ਕੇ ਰੱਖਿਆ ਜਾਵੇ ਤੇ ਹਰ ਸ਼ੁੱਕਰਵਾਰ ਨੂੰ “ਡਰਾਈ ਡੇਅ” ਵਜੋਂ ਮਨਾਇਆ ਜਾਵੇ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ “ਡਰਾਈ ਡੇਅ’’ ਮੌਕੇ ਸਾਰੇ ਜ਼ਿਲੇ ਵਿੱਚ ਕੁੱਲ 14 ਥਾਵਾਂ ’ਤੇ ਲਾਰਵਾ ਮਿਲਿਆ (ਬਰਨਾਲਾ 6 ਤਪਾ 4, ਭਦੌੜ 4), ਜਿਸ ਸਬੰਧੀ ਅਗਲੇਰੀ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਅਤੇ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਪਿੰਡ ਪੱਧਰ ਤੱਕ ਸੰਚਾਰ ਦੇ ਵੱਖ ਵੱਖ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਡੇਂਗੂ ਤੋਂ ਹਰ ਸੰਭਵ ਢੰਗ ਨਾਲ ਬਚਾਅ ਕੀਤਾ ਜਾ ਸਕੇ।
ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੀਆਂ ਛੱਤਾ ਦੀ ਸਫਾਈ ਅਤੇ ਨਿਰੀਖਣ ਮੌਕੇ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ, ਭੁਪਿੰਦਰ ਸਿੰਘ ਹੈਲਥ ਇੰਸਪੈਕਟਰ, ਸੁਰਿੰਦਰ ਸਿੰਘ ਅਤੇ ਜਗਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਗੁਲਾਬ ਸਿੰਘ ਇਨਸੈਕਟ ਕੁਲੈਕਟਰ ਅਤੇ ਬਰੀਡਿੰਗ ਚੈਕਰ ਆਦਿ ਹਾਜ਼ਰ ਸਨ।