ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ 2021: ਬਠਿੰਡਾ ਪੁਲਿਸ ਨੇ ਮੰਗਲਮ ਫਲੈਕਸ ਦੇ ਮਾਲਕ ਅਤੇ ਮਾਡਲ ਟਾਊਨ ਫੇਸ 4-5 ਨਿਵਾਸੀ ਰਜਿੰਦਰ ਕੁਮਾਰ ਮੰਗਲਾ ਪੁੱਤਰ ਦੇਵ ਪ੍ਰਕਾਸ਼ ਕੋਲੋਂ 20 ਲੱਖ ਰੁਪਏ ਫਿਰੌਤੀ ਵਜੋਂ ਮੰਗਣ ਤੇ ਉਸ ਦੀ ਰਿਹਾਇਸ਼ ਦੇ ਮੁੱਖ ਗੇਟ ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੇ ਇਸ ਸਬੰਧ ’ਚ ਜਾਣਕਾਰੀ ਦਿੱਤੀ ਹੈ ਜਿਸ ਅਨੁਸਾਰ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜਮਾਂ ਦੀ ਪਛਾਣ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਪਰਮਜੀਤ ਸਿੰਘ ਵਾਸੀ ਪ੍ਰਤਾਪ ਨਗਰ ਬਠਿੰਡਾ,ਕਮਲ ਚੋਪੜਾ ਉਰਫ ਗੰਜਾ ਪੁੱਤਰ ਕੁੱਕੂ ਵਾਸੀ ਆਵਾ ਬਸਤੀ ਬਠਿੰਡਾ, ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਗੋਬਿੰਦ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਅਤੇ ਸੁੰਦਰ ਲਾਲ ਪੁੱਤਰ ਵੇਦ ਪ੍ਰਕਾਸ਼ ਵਾਸੀ ਭਿਵਾਨੀ ਹਰਿਆਣਾ ਵਜੋਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਕੋਟਕਪੂਰਾ ਦਾ ਵਸਨੀਕ ਗੈਂਗਸਟਰ ਗੋਲਡੀ ਬਰਾੜ ਮੰਗਲਾ ਕੋਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ‘ਤੇ ਮੋਬਾਇਲ ਫੋਨ ਤੋਂ ਵਟਸਐਪ ਕਾਲ ਰਾਹੀਂ 20 ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਿਹਾ ਸੀ ਜਿਸ ਦੇ ਅਦਾ ਨਾਂ ਕਰਨ ਦੀ ਸੂਰਤ ‘ਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਘਟਨਾ ਵਾਲੇ ਦਿਨ ਪੀੜਤ ਆਪਣੀ ਰਿਹਾਇਸ਼ ‘ਤੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਕੋਠੀ ਦੇ ਗੇਟ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਅਤੇ ਉਸ ਤੇ ਗੋਲ਼ੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਨੁਸਾਰ ਮੁਲਜਮਾਂ ਨੇ ਮੰਗਲਾ ਨੂੰ ਮਾਰ ਦੇਣ ਦੀ ਨੀਅਤ ਨਾਲ ਤਿੰਨ ਗੋਲੀਆਂ ਚਲਾਈਆਂ ਸਨ ਜਿਸ ਨੇ ਛੱਤ ਤੇ ਲੇਟ ਕੇ ਆਪਣੀ ਜਾਨ ਬਚਾ ਲਈਪਰ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਸੀ।
ਐਸ ਐਸ ਪੀ ਨੇ ਦੱਸਿਆ ਕਿ ਰਜਿੰਦਰ ਕੁਮਾਰ ਮੰਗਲਾ ਦੀ ਸ਼ਕਾਇਤ ਦੇ ਅਧਾਰ ਤੇ ਥਾਣਾ ਥਰਮਲ ’ਚ ਧਾਰਾ 307,384,436,506 ,34 ਆਈ ਪੀ ਸੀ ਅਸਲਾ ਐਕਟ ਤੇ ਦਰਜ ਕੀਤਾ ਗਿਆ ਸੀ। ਮੰਗਲਾ ਨੇ ਇਸ ਵਾਰਦਾਤ ਦਾ ਕਾਰਨ ਗੋਲਡੀ ਬਰਾੜ ਵੱਲੋਂ ਲਗਾਤਾਰ ਪੈਸਿਆਂ ਦੀ ਮੰਗ ਕਰਨਾ ਸੀ। ਪੁਲਿਸ ਨੇ ਇਸ ਮੁਕੱਦਮੇ ’ਚ ਗੋਲਡੀਬਰਾੜ ਅਤੇ ਪੰਕਜ਼ ਕੁਮਾਰ ਉਰਫ ਚਿੰਕੀ ਤੋਂ ਇਲਾਵਾ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨਾਮਜਦ ਕੀਤੇ ਸਨ।ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਐਸ ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਾਂਚ ਦੌਰਾਨ 11 ਨਵੰਬਰ ਨੂੰ ਰਵਿੰਦਰ ਸਿੰਘ ਉਰਫ ਲਾਲੀ ਮੌੜ ਪੁੱਤਰ ਬਲਦੇਵ ਸਿੰਘ ਵਾਸੀ ਵਿਸ਼ਾਲ ਨਗਰ ਨੂੰ ਨਾਮਜਦ ਕਰਕੇ ਪ੍ਰੋਡਕਸ਼ਨ ਵਰੰਟ ਤੇ ਲਿਆਉਣ ਉਪਰੰਤ ਪੁੱਛਗਿੱਛ ਕੀਤੀ ਸੀ।
ਪੁਲਿਸ ਨੇ ਇਸ ਦੇ ਅਧਾਰ ਤੇ ਰਮਨਦੀਪ ਸਿੰਘ ਉਰਫ ਰਮਨਾ ਪੁੱਤਰ ਪਰਮਜੀਤ ਸਿੰਘ ਵਾਸੀ ਪ੍ਰਤਾਪ ਨਗਰ ਬਠਿੰਡਾ,ਕਮਲ ਚੋਪੜਾ ਉਰਫ ਗੰਜਾ ਪੁੱਤਰ ਕੁੱਕੂ ਵਾਸੀ ਆਵਾ ਬਸਤੀ ਬਠਿੰਡਾ, ਸੰਦੀਪ ਸਿੰਘ ਉਰਫ ਸੋਨੂੰ ਪੁੱਤਰ ਗੋਬਿੰਦ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਅਤੇ ਸੁੰਦਰ ਲਾਲ ਪੁੱਤਰ ਵੇਦ ਪ੍ਰਕਾਸ਼ ਵਾਸੀ ਭਿਵਾਨੀ ਹਰਿਆਣਾ ਨੂੰ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਰਮਨਦੀਪ ਨੇ ਚਿੰਕੀ ,ਕਮਲ ਚੋਪੜਾ,ਸੁੰਦਰ ਲਾਲ ਅਤੇ ਸੰਦੀਪ ਕੁਮਾਰ ਨਾਲ ਮਿਲ ਕੇ ਰਜਿੰਦਰ ਕੁਮਾਰ ਮੰਗਲਾ ਦੇ ਘਰ ਦੀ ਰੇਕੀ ਕਰਵਾਉਣ ਤੋਂ ਬਾਅਦ ਇਸ ਦੀ ਜਾਣਕਾਰੀ ਰਵਿੰਦਰ ਅਤੇ ਗੋਲਡੀ ਬਰਾੜ ਨੂੰ ਦਿੱਤੀ ਸੀ। ਇਸ ਤੋਂ ਬਾਅਦ ਮੰਗਲਾ ਦੇ ਘਰ ਦੀ ਰੇਕੀ ਕਰਵਾਈ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਐਸ ਐਸ ਪੀ ਨੇ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ।