ਕਮਲਜੀਤ ਬੁੱਟਰ
ਕੈਲਗਰੀ, 20 ਸਤੰਬਰ 2021 : ਦੇਸ਼ ਦੀ 44ਵੀਂ ਸੰਸਦ ਦੀ ਚੋਣ ਵਾਸਤੇ ਅੱਜ ਵੋਟਾਂ ਪਾਈਆਂ ਜਾ ਰਹੀਆਂ ਹਨ। ਦੇਸ਼ ਦੀਆਂ 338 ਸੰਸਦੀ ਸੀਟਾਂ ਵਾਸਤੇ ਲਿਬਰਲ ਪਾਰਟੀ ਔਫ਼ ਕੈਨੇਡਾ, ਕੰਜ਼ਰਵੇਟਿਵ ਪਾਰਟੀ ਔਫ਼ ਕੈਨੇਡਾ, ਨਿਉ ਡੈਮੈਕ੍ਰੈਟਿਕ ਪਾਰਟੀ, ਬਲੌਕ ਕਿਉਬੈਕਵਾ, ਗ੍ਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਉਮੀਦਵਾਰ ਮੈਦਾਨ ਵਿੱਚ ਹਨ। ਭੰਗ ਹੋਈ ਸੰਸਦ ਵਿੱਚ ਲਿਬਰਲਜ਼ ਦੇ 155. ਕੰਰਵੇਟਿਵਜ਼ ਦੇ 119, ਬਲੌਕ ਕਿਉਬੈਕਵਾ ਦੇ 32, ਐਨਡੀਪੀ ਦੇ 24, ਗ੍ਰੀਨ ਪਾਰਟੀ ਦੇ 2 ਅਤੇ ਆਜ਼ਾਦ 5 ਸੰਸਦ ਮੈਂਬਰ ਸਨ। ਪਿਛਲੇ ਹਫ਼ਤੇ 4 ਦਿਨ ਚੱਲੀ ਐਡਵਾਂਸ ਪੋਲਿੰਗ ਵਿੱਚ ਲੱਗਪੱਗ 58 ਲੱਖ ਦੇਸ਼ਵਾਸੀਆਂ ਨੇ ਵੋਟ ਪਾਏ ਸਨ ਤੇ 12 ਲੱਖ ਤੋਂ ਵੱਧ ਵੋਟਰਾਂ ਨੇ ਡਾਕ ਰਾਹੀਂ ਵੋਟ ਪਾਉਣ ਵਾਸਤੇ ਬੈਲੇਟ ਮੰਗਵਾਏ ਸਨ। ਦੇਸ਼ ਭਰ ਵਿਚੋਂ ਡਾਕ ਰਾਹੀਂ ਆਈਆਂ ਵੋਟਾਂ ਦੀ ਗਿਣਤੀ ਭਲਕੇ ਮੰਗਲਵਾਰ ਨੂੰ ਹੋਵੇਗੀ। ਦੇਸ਼ ਭਰ ਦੇ 2 ਕਰੋੜ 70 ਲੱਖ ਵੋਟਰ 44ਵੀਂ ਸੰਸਦ ਦੀ ਚੋਣ ਕਰਨਗੇ ਤੇ ਬਹੁਮਤ ਵਾਸਤੇ ਕਿਸੇ ਵੀ ਪਾਰਟੀ ਨੂੰ 170 ਸੀਟਾਂ ਦੀ ਲੋੜ ਹੋਵੇਗੀ। ਪੋਲ ਸਰਵੇਖਣਾਂ ਮੁਤਾਬਕ ਕੰਜ਼ਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਲਗਪਗ ਬਰਾਬਰੀ ‘ਤੇ ਹਨ। ਨਿਉਫਿਨਲੈਂਡ ਐਂਡ ਲੈਬ੍ਰੇਡਰ, ਨਿਉ ਬ੍ਰੰਜ਼ਵਿਕ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਅਤੇ ਮੈਨਿਟੋਬਾ ਵਿੱਚ ਵੋਟਿੰਗ ਦਾ ਸਮਾਂ ਸਵੇਰ ਸਾਢੇ 8 ਵਜੇ ਤੋਂ ਸ਼ਾਮ ਸਾਢੇ 8 ਵਜੇ ਤੱਕ, ਕਿਉਬੈਕ ਅਤੇ ਓਂਟੈਰੀਓ ਵਿੱਚ ਸਵੇਰੇ ਸਾਢੇ 9 ਵਜੇ ਤੋਂ ਰਾਤ ਸਾਢੇ 9 ਵਜੇ ਤੱਕ, ਸੈਸਕੈਚੇਵਾਨ ਅਤੇ ਐਲਬਰਟਾ ਵਿੱਚ ਸਵੇਰੇ ਸਾਢੇ 7 ਵਜੇ ਤੋਂ ਸ਼ਾਮ ਸਾਢੇ 7 ਵਜੇ ਤੱਕ, ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਦਾ ਕੰਮ ਉਸ ਤੋਂ ਮਗਰੋਂ ਸ਼ੁਰੂ ਹੋ ਜਾਵੇਗਾ ਪਰ ਡਾਕ ਰਾਹੀ ਆਈਆਂ ਵੋਟਾਂ ਦੀ ਗਿਣਤੀ ਅਗਲੇ ਦਿਨ ਹੋਣ ਕਰਕੇ ਪੂਰੇ ਨਤੀਜੇ ਮੰਗਲਵਾਰ ਦੀ ਦੇਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਸ ਵਾਰ ਫਿਰ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਨਹੀਂ ਹੈ।