ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ 2021: ਸਾਂਝ ਸੁਨਹਿਰਾ ਪੰਜਾਬ ਮੰਚ ਦੇ ਮੈਂਬਰਾਂ ਨੇ ਅੱਜ ਬਠਿੰਡਾ ’ਚ ਜਨਤਕ ਆਗੂਆਂ ,ਕਾਰੋਬਾਰੀਆਂ ਅਤੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਮਾਲਵਾ ਖਿੱਤੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈਕੇ ਫਿਕਰ ਜਾਹਰ ਕੀਤੇ। ਇੰਨ੍ਹਾਂ ਦਿੱਕਤਾਂ ’ਚ ਖੇਤੀ ਖੇਤਰ ,ਕਿਸਾਨੀ ਕਰਜਾ, ਸਿੱਖਿਆ ਦਾ ਡਿੱਗ ਰਿਹਾ ਮਿਆਰ ਅਤੇ ਨਸ਼ਿਆਂ ਦਾ ਦਿਨੋ ਦਿਨ ਵਧ ਰਿਹਾ ਪਸਾਰਾ ਸ਼ਾਮਲ ਹਨ। ਅਗਲੀਆਂ ਵਿਧਾਨ ਸਭਾ ਚੋਣਾਂ ਲਈ ਭਖ ਰਹੇ ਮਹੌਲ ਦੌਰਾਨ ਬੁੱਧੀਜੀਵੀ ਵਰਗ ਵੱਲੋਂ ਕੀਤੀ ਜਾ ਰਹੀ ਅਜਿਹਾ ਵਿਚਾਰ ਚਰਚਾ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੰਚ ਦੇ ਕਨਵੀਨਰ ਭਾਰਤੀ ਵਿਦੇਸ਼ ਸੇਵਾ ਚੋਂ ਸੇਵਾਮੁਕਤ ਅਤੇ ਸਾਬਕਾ ਰਾਜਦੂਤ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਇੰਨ੍ਹਾਂ ਮੁੱਦਿਆਂ ਨੂੰ ਲੈਕੇ ਸੁਝਾਅ ਮੰਗੇ ਅਤੇ ਮੰਚ ਦਾ ਪੱਖ ਰੱਖਿਆ।
ਉਨ੍ਹਾਂ ਆਖਿਆ ਕਿ ਬਠਿੰਡਾ ਮੇਰੀ ਜਨਮ ਭੂਮੀ ਹੈ, ਅਤੇ ਮੈਂ ਆਪਣੀਆਂ ਜੜ੍ਹਾਂ ਤੇ ਵਾਪਸ ਆ ਗਿਆ ਹਾਂ। ਉਨ੍ਹਾਂ ਆਖਿਆ ਕਿ ਜਿਸ ਤਰਾਂ ਦੇ ਸੰਕਟ ਵਿੱਚੋਂ ਅੱਜ ਸਮੁੱਚਾ ਖਿੱਤਾ ਲੰਘ ਰਿਹਾ ਹੈ ਉਸ ਨੂੰ ਦੇਖਦਿਆਂ ਹਰ ਪੱਖ ਤੇ ਲੰਮਾ ਚੌੜਾ ਵਿਚਾਰ ਕਰਨ ਦੀ ਜਰੂਰਤ ਹੈ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਸਮੇਂ ਦੌਰਾਨ ਸਿੱਖਿਆ ਦਾ ਪੱਧਰ ਡਿੱਗਿਆ ਹੈ ਜੋ ਮੌਜੂਦਾ ਦੌਰ ਲਈ ਚਿੰਤਾਜਨਕ ਹੈ। ਉਨ੍ਹਾਂ ਆਖਿਆ ਕਿ ਇਸੇ ਤਰਾਂ ਹੀ ਨਸ਼ੀਲੇ ਪਦਾਰਥਾਂ ਦੀ ਵਧ ਰਹੀ ਵਰਤੋਂ ਪੰਜਾਬੀ ਸਮਾਜ ਨੂੰ ਅੰਦਰੋ ਅੰਦਰੀ ਖੋਖਲਾ ਕਰ ਰਹੀ ਹੈ ਜਿਸ ਨੂੰ ਠੱਲ੍ਹ ਪਾਉਣ ਦੀ ਜਰੂਰਤ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਸਮਾਜਿਕ ਕੋਹੜ ਨੂੰ ਨਾਂ ਰੋਕਿਆ ਗਿਆ ਤਾਂ ਅਗਲੀਆਂ ਪੀੜ੍ਹੀਆਂ ਨੂੰ ਇਸ ਦੇ ਬਹੁਤ ਹੀ ਮਾੜੇ ਸਿੱਟੇ ਨਿੱਕਲਣਗੇ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਖੇਤੀ ਖੇਤਰ ਦਾ ਵੀ ਬੇਹੱਦ ਮੰਦਾ ਹਾਲ ਹੈ। ਕਿਸਾਨਾਂ ਦੀ ਆਮਦਨ ਨੂੰ ਖੋਰਾ ਲੱਗਿਆ ਹੈ ਤਾਂ ਕਿਸਾਨ ਵੱਡੀ ਪੱਧਰ ਤੇ ਕਰਜੇ ਦੀ ਮਾਰ ਹੇਠ ਆਏ ਹੋਏ ਹਨ। ਪਿੰਡਾਂ ਵਿੱਚ ਨਿਕਾਸੀ ਦੇ ਪ੍ਰਬੰਧਾਂ ਅਤੇ ਸ਼ਹਿਰੀ ਖੇਤਰਾਂ ਦੀ ਸੀਵਰੇਜ਼ ਪ੍ਰਣਾਲੀ ਬਾਰੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਦੌਰਾਨ ਅੰਬੈਸਡਰ ਕੇਸੀ ਸਿੰਘ, ਸਾਬਕਾ ਓਲੰਪੀਅਨ ਗੁਰਬੀਰ ਸੰਧੂ , ਏਅਰ ਮਾਰਸ਼ਲ ਪੀਐਸ ਗਿੱਲ (ਸੇਵਾਮੁਕਤ) ਸ੍ਰੀ ਰੂਸੀ ਕੋਹਲੀ, ਐਡਵੋਕੇਟ ਅਮਿਤਜੀਤ ਸਿੰਘ ਅਤੇ ਕੈਪਟਨ ਵਿਕਰਮ ਬਾਜਵਾ ਆਦਿ ਨੇ ਵੀ ਵੱਖ ਵੱਖ ਮੁੱਦਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਚਾਰ ਵਟਾਂਦਰਾ ਸੈਸ਼ਨ ਦੌਰਾਨ ਸਰਪੰਚ ਰਾਜਦੀਪ ਸਿੰਘ ਸੰਧੂ ਨੇ 33 ਫੀਸਦੀ ਈਓਪੀ ਟੈਕਸ ਦਾ ਮੁੱਦਾ ਉਠਾਇਆ ਜੋ ਗ੍ਰਾਮ ਪੰਚਾਇਤਾਂ ਦੇ ਭੰਡਾਰ ਨੂੰ ਖੋਰਾ ਲਾ ਰਿਹਾ ਹੈ। ਇਸ ਮੌਕੇ ਇਹ ਵੀ ਸੁਝਾਅ ਸਾਹਮਣੇ ਆਇਆ ਕਿ ਗ੍ਰਾਮ ਪੰਚਾਇਤਾਂ ਨੂੰ ਖੇਤੀ-ਮਸ਼ੀਨਰੀ ਬੈਂਕ ਬਣਾਉਣ ਦਾ ਅਧਿਕਾਰ ਦਿੱਤਾ ਜਾਵੇ। ਇਸ ਮੌਕੇ ਇਹ ਤੱਥ ਵੀ ਉੱਭਰੇ ਕਿ ਇਹ ਮਸ਼ੀਨਰੀ ਅਤੇ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ ਜਿਸ ਦਾ ਘੱਟ ਜਮੀਨ ਦੇ ਮਾਲਕਾਂ ਨੂੰ ਫਾਇਦਾ ਮਿਲੇਗਾ ਜੋ ਉਨ੍ਹਾਂ ਨੂੰ ਕਿਸਾਨਾਂ ਨੂੰ ਕਰਜਿਆਂ ਦੇ ਚੱਕਰ ’ਚ ਪੈਣ ਤੋਂ ਬਚਾਏਗਾ।