ਭਾਰਤ-ਬੰਦ ਦੀਆਂ ਤਿਆਰੀਆਂ ਲਈ ਜੁਟੇ ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਬਿਊਰੋ
ਸੰਗਰੂਰ, 20 ਸਤੰਬਰ 2021 : ਕੇਂਦਰੀ ਖੇਤੀ ਕਾਨੂੰਨ ਬਣਾਉਣ ਪਿਛੇ ਸਿਰਫ਼ ਬਾਹਰੀ ਕਾਰਪੋਰੇਟਾ ਦਬਾਅ ਹੀ ਨਹੀਂ ਬਲਕਿ ਅੰਦਰੂਨੀ ਕਾਰਪੋਰੇਟ ਘਰਾਣਿਆਂ ਦਾ ਵੀ ਦਬਾਅ ਕੰਮ ਕਰਦਾ ਹੈ। ਇਸ ਵੇਲੇ ਤਕਰੀਬਨ 28 ਲੱਖ ਕਰੋੜ ਦਾ ਕਰਿਆਨਾ ਵਪਾਰ ਦੇਸ਼ ਵਿਚ ਹੁੰਦਾ ਹੈ ਅਤੇ ਤਕਰੀਬਨ 128 ਲੱਖ ਕਰਿਆਨੇ ਦੀਆਂ ਦੁਕਾਨਾਂ ਹਨ, ਜਿਨ੍ਹਾਂ ਵਿਚੋਂ 8000 ਦੁਕਾਨਾਂ ਸੰਗਠਿਤ ਅਤੇ ਬਾਕੀ ਅਸੰਗਠਿਤ ਖੇਤਰ ਵਿਚ ਹਨ। ਪਰ ਹੁਣ ਇਸ ਉਤੇ ਵੱਡੀਆਂ ਕੰਪਨੀਆਂ ਦੀ ਨਜ਼ਰ ਪੈ ਚੁੱਕੀ ਹੈ ਅਤੇ ਉਹ ਇਸ ਖੇਤਰ ਵਿਚ ਪੈਰ ਪਸਾਰ ਰਹੇ ਹਨ। ਅਸਲੀਅਤ ਇਹ ਹੈ ਕਿ ਵੱਡੀਆਂ ਕੰਪਨੀਆਂ ਇਹ ਸਾਰਾ ਵਪਾਰ ਅਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ। ਇੰਨਾ ਹੀ ਨਹੀਂ ਇਹ ਕੰਪਨੀਆਂ ਜ਼ਮੀਨਾਂ ਠੇਕੇ ਉਤੇ ਲੈ ਕੇ ਖਾਣ ਪੀਣ ਦੀ ਵਸਤੂਆਂ ਦੀ ਪੈਦਾਵਾਰ ਵੀ ਅਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ ਤਾਕਿ ਮੁਨਾਫ਼ਾ ਵਧਾਇਆ ਜਾ ਸਕੇ ਅਤੇ ਛੋਟੇ ਦੁਕਾਨਦਾਰਾਂ ਨੂੰ ਇਸ ਵਪਾਰ ਵਿਚੋਂ ਬਾਹਰ ਕਢਿਆ ਜਾ ਸਕੇ। ਇਸ ਕਰਕੇ ਇਹ ਸੋਚਣਾ ਸਰਾਸਰ ਗਲਤ ਹੈ ਕਿ ਇਹਨਾਂ ਕਾਨੂੰਨਾਂ ਦਾ ਪ੍ਰਭਾਵ ਸਿਰਫ ਖੇਤੀ ਨਾਲ ਸਬੰਧਤ ਪਰਿਵਾਰਾਂ ਤੇ ਹੀ ਪਵੇਗਾ ਕਿਉਂਕਿ ਭਾਰਤ ਵਿਚ ਖੇਤੀ ਅਧਾਰਿਤ ਆਰਥਿਕਤਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀ ਕੇ ਯੂ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ, ਜਰਨਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਅਤੇ ਸੂਬਾ ਸਕੱਤਰ ਨਰਿੰਜਨ ਸਿੰਘ ਦੋਹਲਾ ਦੀ ਤਰਫੋਂ ਕਿਸਾਨ ਆਗੂ ਪ੍ਰਗਟ ਸਿੰਘ ਕੋਟ ਪਨੈਚ ਨੇ ਪ੍ਰੈੱਸ ਦੇ ਨਾਂ ਜ਼ਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਕੀਤਾ ਹੈ, ਸ੍ਰ. ਪਨੈਚ ਨੇ ਕਿਹਾ ਕਿ ਰੋਜਾਨਾ ਕਿਸਾਨਾ ਦੇ ਵੱਡੇ ਕਾਫਲੇ ਦਿੱਲੀ ਦੇ ਬਾਰਡਰਾ ਤੇ ਪਹੁੰਚ ਰਹੇ ਹਨ, ਜਿਨ੍ਹਾਂ ਦੀ ਸਾਰੀ ਜਾਣਕਾਰੀ ਸੀਨੀਅਰ ਮੀਤ ਪ੍ਰਧਾਨ ਸ੍ਰ. ਖੋਖ ਰੱਖ ਰਹੇ ਹਨ ।
ਉਨ੍ਹਾਂ ਕਿਹਾ ਕਿ 27 ਸਤੰਬਰ ਦਾ ਬੰਦ ਪੂਰਨ ਸ਼ਾਂਤਮਈ ਅਤੇ ਅਨੁਸ਼ਾਸਨ ਚ ਰਹਿ ਕੇ ਨਪੇਰੇ ਚਾੜਿਆ ਜਾਵੇਗਾ। ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਾਨੂੰਨ ਰੱਦ ਕਰਨ ਨੂੰ ਜਿੰਨਾ ਸਮਾ ਜਿਆਦਾ ਲਗਾਵੇਗੀ,ਉਨੀਂ ਹੀ ਵੱਡੀ ਕੀਮਤ ਚੁਕਾਉਣੀ ਪਵੇਗੀ,ਭਾਵ ਖ਼ੇਤੀ ਕਾਨੂੰਨ ਰੱਦ ਕਰਨ ਤੋਂ ਸਿਵਾਏ ਸਰਕਾਰ ਕੋਲ ਕੋਈ ਵੀ ਚਾਰਾ ਬਾਕੀ ਨਹੀਂ ਰਹੇਗਾ।
ਇਸ ਮੌਕੇ ਇਲਾਵਾ ਭਿੰਦਰ ਸਿੰਘ ਬੀਜਾ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ, ਨਿਰਭੈ ਸਿੰਘ ਛੀਨੀਵਾਲ ਜ਼ਿਲ੍ਹਾ ਪ੍ਰਧਾਨ ਬਰਨਾਲਾ, ਗੁਰਪ੍ਰੀਤ ਸਿੰਘ ਧਮੋਟ, ਬਲਦੇਵ ਸਿੰਘ ਬੱਲ ਮੀਤ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਅਵਤਾਰ ਸਿੰਘ ਕੈਦੂਪੁਰ, ਸੁਖਮਿੰਦਰ ਸਿੰਘ ਬੋਪਾਰਾਏ ਕਲਾਂ, ਦਲਜੀਤ ਸਿੰਘ, ਹਾਕਮ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਆਗੂ ਸਾਹਿਬਾਨ ਮੌਜੂਦ ਸਨ।