ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ 20 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੱਖਣਗੇ ਨੀਂਹ ਪੱਥਰ - ਕੇਵਲ ਢਿੱਲੋਂ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 17 ਸਤੰਬਰ 2021- ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਸਿਹਤ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਹੰਡਿਆਇਆ ਵਿਖੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰੌਮਾ ਸੈਂਟਰ ਦਾ ਬਨਣ ਜਾ ਰਿਹਾ ਹੈ। ਜਿਸਦੀ ਇਮਾਰਤ ਦਾ ਨੀਂਹ ਪੱਥਰ 20 ਸਤੰਬਰ, ਦਿਨ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕਰ ਕਮਲਾਂ ਨਾਲ ਬਰਨਾਲਾ ਦੇ ਹੰਡਿਆਇਆ ਵਿਖੇ ਪਹੁੰਚ ਕੇ ਰੱਖਣਗੇ। ਉਹਨਾਂ ਦੇ ਨਾਲ ਸਿਹਤ ਮੰਤਰੀ ਸ.ਬਲਵੀਰ ਸਿੰਘ ਸਿੱਧੂ ਵੀ ਹਾਜ਼ਰ ਹੋਣਗੇ। ਇਹ ਜਾਣਕਾਰੀ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਸ.ਢਿੱਲੋਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਸਿਰਫ਼ ਦੋ ਹੀ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ। ਇਸ ਹਸਪਤਾਲ 'ਤੇ 100 ਕਰੋੜ ਦੇ ਕਰੀਬ ਖਰਚ ਆਵੇਗਾ, ਜਿਸ ਲਈ ਪਹਿਲੇ ਪੜਾਅ 'ਚ 40 ਕਰੋੜ ਦੀ ਗ੍ਰਾਂਟ ਜਾਰੀ ਹੋ ਚੁੱਕੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇਹ ਹਸਪਤਾਲ ਬਨਣਾ ਸਮੁੱਚੇ ਜ਼ਿਲ੍ਹਾ ਨਿਵਾਸੀਆਂ ਲਈ ਖੁਸ਼ੀ ਦੀ ਗੱਲ ਹੈ।
ਇਸ ਹਸਪਤਾਲ ਦਾ ਲਾਭ ਇਕੱਲੇ ਬਰਨਾਲਾ ਹੀ ਨਹੀਂ, ਬਲਕਿ ਪੂਰੇ ਮਾਲਵਾ ਖੇਤਰ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਕਿਉਂਕਿ ਇਸਤੋਂ ਪਹਿਲਾਂ ਵੱਡੀਆਂ ਸਿਹਤ ਸਹੂਲਤਾਂ ਲੈਣ ਲਈ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਵਰਗੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ, ਪ੍ਰੰਤੂ ਇਸ ਹਸਪਤਾਲ ਦੇ ਬਨਣ ਨਾਲ ਬਾਹਰੀ ਜ਼ਿਲ੍ਹਿਆਂ ਦੇ ਲੋਕ ਸਿਹਤ ਸਹੂਲਤਾਂ ਲੈਣ ਲਈ ਬਰਨਾਲਾ ਜ਼ਿਲ੍ਹੇ ਵਿੱਚ ਆਇਆ ਕਰਨਗੇ। ਉਹਨਾਂ ਕਿਹਾ ਕਿ ਬਰਨਾਲਾ ਦੇ ਵਿਕਾਸ ਕਾਰਜਾਂ ਵਿੱਚ ਇਹ ਹਸਪਤਾਲ ਇੱਕ ਮੀਲ ਪੱਥਰ ਸਾਬਤ ਹੋਵੇਗਾ।