ਕਰਤਾਰਪੁਰ ਸਾਹਿਬ ਲਾਂਘਾ ਖੁੱਲਵਾਉਣ ਲਈ ਅਰਦਾਸ ਕੀਤੀ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 17 ਸਤੰਬਰ 2021- ਕਰਤਾਰਪੁਰ ਸਾਹਿਬ ਦੇ ਸਾਹਮਣੇ, ਭਾਰਤ ਪਾਕ ਸਰਹੱਦ ਤੇ ਸੰਗਰਾਂਦ ਦੇ ਦਿਹਾੜੇ ਤੇ ਕਲ੍ਹ, ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਆਪਣੀ ਮਾਹਵਾਰਾ ਅਰਦਾਸ, ਲਾਂਘਾ ਖੁੱਲਵਾਉਣ ਵਾਸਤੇ ਕੀਤੀ। ਜਥੇਬੰਦੀ ਮੁਖੀ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੁੱਖ ਜ਼ਾਹਿਰ ਕੀਤਾ ਹੈ ਕਿ ਸਰਕਾਰ ਦੇ ਲਾਂਘਾ ਖੋਲਣ ਦੇ ਐਲਾਨ ਦੇ ਬਾਵਜੂਦ ਅਜੇ ਤਕ ਕੋਈ ਹਿਲਜੁਲ ਨਜਰ ਨਹੀ ਆ ਰਹੀ ਅਤੇ ਨਾਂ ਹੀ ਦਰਖਾਸਤਾਂ ਲੈਣੀਆਂ ਸ਼ੁਰੂ ਕੀਤੀਆਂ ਹਨ।
ਯਾਦ ਰਹੇ ਪਿੱਛੇ 28 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪਤ੍ਰ ਲਿਖ ਕੇ ਮੰਗ ਕੀਤੀ ਸੀ ਕਿ ਹੁਣ ਕਰਤਾਰਪੁਰ ਸਾਹਿਬ ਲਾਂਘਾ ਖੋਲ ਦਿੱਤਾ ਜਾਵੇ। ਉਪਰੰਤ ਮੀਡੀਏ ਵਿਚ ਸਰਕਾਰ ਤਰਫੋਂ ਖਬਰ ਆਈ ਸੀ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਹਾੜੇ ਨੂੰ ਲਾਂਘਾ ਖੋਲ ਦਿੱਤਾ ਜਾਵੇਗਾ। ਕਿਉਕਿ ਪਵਿਤ੍ਰ ਦਿਹਾੜੇ ਵਿਚ ਹੁਣ 15 ਕੁ ਦਿਨ ਹੀ ਬਚੇ ਹਨ, ਪਰ ਕਲ੍ਹ ਜਦੋਂ ਸੰਗਤਾਂ ਸਰਹੱਦ ਤੇ ਗਈਆਂ ਤਾਂ ਕੇਂਦਰ ਸਰਕਾਰ ਦਾ ਲਾਂਘਾ ਦਫਤਰ ਸੁੰਨਾ ਪਿਆ ਹੋਇਆ ਸੀ। (ਧਿਆਨ ਰਹੇ ਪਾਕਿਸਤਾਨ ਸਰਕਾਰ ਜੋਤੀ ਜੋਤ ਦਿਨ 22 ਸਤੰਬਰ ਨੂੰ ਮਨਾਉਦੀ ਹੈ।) ਸਰਹੱਦ ਤੇ ਮੌਜੂਦ ਬੀ. ਐਸ. ਐਫ ਅਫਸਰਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਕਿ ਲਾਂਘਾ ਦੁਬਾਰਾ ਖੁੱਲ ਰਿਹਾ ਹੈ।
ਓਧਰ ਕੇਂਦਰ ਸਰਕਾਰ ਦੀ ਵਜਾਰਤ ਇ ਦਾਖਲਾ ਦੀ ਵੈਬਸਾਈਟ ਜਿਥੇ ਓਨਲਾਈਨ ਦਰਖਾਸਤ ਦਿੱਤੀ ਜਾਂਦੀ ਸੀ, ਦਾ ਦਰਖਾਸਤ ਲਿੰਕ ਬੰਦ ਹੈ।
ਸ਼੍ਰੋਮਣੀ ਕਮੇਟੀ ਨੇ ਵੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਦਿਹਾੜਾ ਮਨਾਉਣ ਬਾਬਤ ਕੋਈ ਬਿਆਨ ਨਹੀ ਦਿੱਤਾ।
ਯਾਦ ਰਹੇ ਕਰਤਾਰਪੁਰ ਯਾਤਰਾ ਵੇਲੇ ਕੌਮਾਂਤਰੀ ਯਾਤਰਾ ਨਿਯਮ ਲਾਗੂ ਹੁੰਦਾ ਹੈ ਭਾਵ ਸਾਰੀ ਯਾਤਰਾ ਸੁਰੱਖਿਆ ਪੁਲਿਸ ਦੇ ਕੰਟਰੋਲ ਵਿਚ ਹੁੰਦੀ ਹੈ ਅਤੇ ਭੀੜ ਹੋਣ ਦਾ ਕੋਈ ਕਾਰਨ ਵੀ ਨਹੀ ਹੁੰਦਾ। ਜਿਸ ਕਰਕੇ ਕਰੋਨਾ ਫੈਲਣ ਦਾ ਖਦਸ਼ਾ ਵੀ ਨਹੀ ਹੁੰਦਾ। ਉਂਜ ਵੀ ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਹ ਸਿਰਫ ਅਜਿਹੇ ਯਾਤਰੂਆਂ ਨੂੰ ਇਜਾਜਤ ਦੇਵੇਗੀ ਜਿਹਨਾਂ ਨੂੰ ਕਰੋਨਾ ਦਾ ਟੀਕਾ ਲੱਗਾ ਹੋਇਆ ਹੈ ਅਤੇ ਰਿਪੋਰਟ ਨੈਗੇਟਿਵ ਹੈ। ਫਿਰ ਮੁਲਕ ਦੇ ਸਾਰੇ ਹਵਾਈ ਅੱਡੇ ਅਤੇ ਇੰਮੀਗ੍ਰੇਸ਼ਨ ਦਫਸਰ ਖੋਲ ਦਿੱਤੇ ਗਏ ਹਨ ਪਰ ਕਰਤਾਰਪੁਰ ਵਾਲਾ ਦਫਤਰ ਬੰਦ ਰਖਣ ਪਿੱਛੇ ਕੀ ਤੁੱਕ ਹੈ, ਸੰਗਤ ਪੁੱਛਦੀ ਹੈ।
ਸੰਗਤ ਲਾਂਘਾ ਕਰਤਾਰਪੁਰ ਹੱਥ ਬੰਨ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੀ ਹੈ ਕਿ ਕਰਤਾਰਪੁਰ ਲਾਂਘਾ ਬਿਨਾਂ ਦੇਰੀ ਤੋਂ ਖੋਲਿਆ ਜਾਵੇ। ਸੰਗਤ ਨੇ ਨਾਲ ਹੀ ਬੇਨਤੀ ਕੀਤੀ ਹੈ ਕਿ ਯਾਤਰਾ ਵੇਲੇ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ ਅਤੇ ਅਧਾਰ ਕਾਰਡ ਦੇ ਸਿਰ ਤੇ ਯਾਤਰਾ ਪਰਵਾਨ ਕੀਤੀ ਜਾਵੇ। ਅਰਦਾਸ ਮੌਕੇ ਗੁਰਾਇਆ ਤੋਂ ਇਲਾਵਾ ਰਾਜ ਸਿੰਘ, ਵੈਦ ਲਖਵਿੰਦਰ ਸਿੰਘ, ਅਰਵਿੰਦ ਅਰੋੜਾ, ਪਿੰਸੀਪਲ (ਰੀਟਾਇਡ) ਸੁਰਿੰਦਰ ਸਿੰਘ ਆਹੂਜਾ ਅਤੇ ਕਈ ਹੋਰ ਗੁਰਸਿੱਖ ਮੌਜੂਦ ਸਨ। ਯਾਦ ਰਹੇ ਕਰੋਨਾ ਲਾਕ ਡਾਉਨ ਕਰਕੇ ਕਰਤਾਰਪੁਰ ਲਾਂਘਾ 16 ਮਾਰਚ 2020 ਤੋਂ ਲਗਾਤਾਰ ਬੰਦ ਚਲਿਆ ਆ ਰਿਹਾ ਹੈ।