ਮੁਕਤਸਰ: ਪ੍ਰਸ਼ਾਸ਼ਨ ਨੇ ਪਿੰਡ ਲੁਬਾਣਿਆਂਵਾਲੀ ’ਚ ਬੰਦ ਪਿਆ ਆਕਸੀਜਨ ਪਲਾਂਟ ਮੁੜ ਕਰਾਇਆ ਚਾਲੂ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਈ 2021-ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਾਣਿਆਂਵਾਲੀ ਦੇ ਬੰਦ ਪਏ ਆਕਸੀਜਨ ਪਲਾਂਟ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁੜ ਚਾਲੁ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਇਹ ਪਲਾਟ ਦਸੰਬਰ 2012 ਤੋਂ ਬੰਦ ਸੀ, ਪਰ ਹੁਣ ਡਾ. ਅਜੇ ਸੇਤੀਆ ਐਮ.ਡੀ ਪੇਪਰ ਮਿੱਲ ਦੇ ਸਹਿਯੋਗ ਨਾਲ ਪਲਾਂਟ ਦੀ ਮੁਰੰਮਤ ਕਰਕੇ ਚਾਲੂ ਕਰ ਦਿੱਤਾ ਗਿਆ ਹੈ।
ਇਸ ਪਲਾਟ ਨੂੰ ਕਾਰਜਸ਼ੀਲ ਬਣਾਉਣ ਲਈ ਸੇਤੀਆ ਪੇਪਰ ਮਿੱਲ ਦੀ ਇੱਕ ਤਕਨੀਕੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ 24 ਘੰਟੇ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਇਹ ਪਲਾਂਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਕਮੇਟੀ ਬਣਾਈ ਗਈ ਹੈ, ਜੋ ਪਲਾਂਟ ਦੇ ਉਤਪਾਦਨ ਅਤੇ ਵੰਡ ਦੀ ਨਿਗਰਾਨੀ ਕਰੇਗੀ।