ਅਸ਼ੋਕ ਵਰਮਾ
ਬਠਿੰਡਾ,16ਅਪਰੈਲ2021:ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਪ੍ਰਾਈਡ ਆਫ ਪੰਜਾਬ ਪ੍ਰੋਗਰਾਮ ਅਧੀਨ ਇੱਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ ਜਿਸ ’ਚ ਕਾਲਜ ਦੇ 100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ ਮੈਬਰਾਂ ਨੇ ਭਾਗ ਲਿਆ। ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਵੱਲੋਂ ਪੰਜਾਬ ਦੇ ਯੁਵਕਾਂ ਨੂੰ ਆਪਣਾ ਹੁਨਰ ਦੀ ਪਛਾਣ ਕਰਨ ਅਤੇ ਉਸੇ ਹੁਨਰ ਨਾਲ ਰੁਜਗਾਰ ਦੇ ਸਾਧਨ ਪੈਦਾ ਕਰਨ ਲਈ ਪ੍ਰਾਈਡ ਆਪ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸੇ ਪ੍ਰੋਗਰਾਮ ਅਧੀਨ ਹੀ ਕਾਲਜ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇਸ ਇੱਕ ਰੋਜ਼ਾ ਵੈਬੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਜਿਹੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣਾ ਹੁਨਰ ਪਛਾਣ ਕੇ ਸਵੈ-ਰੁਜਗਾਰ ਰਾਹੀਂ ਆਪਣਾ ਬਣਦਾ ਸਮਾਜਿਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਮਕਸਦ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਦੂਰ ਰੱਖਣਾ ਅਤੇ ਜਿੰਦਗੀ ਜ਼ਿਊਣ ਦੇ ਹੁਨਰ ਬਾਰੇ ਜਾਗਰੂਕ ਕਰਨਾ ਸੀ। ਉਹਨਾਂ ਸੈਮੀਨਾਰ ਦੇ ਮੁੱਖ ਬੁਲਾਰੇ ਸੰਯੁਕਤ ਰਾਸ਼ਟਰ ਵੱਲੋਂ ਪ੍ਰਵਾਨਤ ਏਡਜ਼ ਸਿੱਖਿਅਕ ਨਰਿੰਦਰ ਬੱਸੀ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਾਲਜਾਂ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾ ਕੇ ਵੀ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਜਿਸ ਦੇ ਬਹੁਤ ਵਧੀਆ ਸਮਾਜਿਕ ਸਿੱਟੇ ਸਾਹਮਣੇ ਆਏ ਹਨ।
ਮੁੱਖ ਬੁਲਾਰੇ ਨਰਿੰਦਰ ਬੱਸੀ ਨੇ ਸਬੰਧਤ ਵਿਸ਼ੇ ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਡਿੱਗਦੀਆਂ ਸਮਾਜਿਕ ਕਦਰਾਂ-ਕੀਮਤਾਂ ਤੇ ਚਿੰਤਾ ਜਾਹਰ ਕਰਦਿਆਂ ਜਿੰਦਗੀ ਜਿਊਣ ਦਾ ਹੁਨਰ, ਪਰਿਵਾਰਕ ਰਿਸ਼ਤਿਆਂ, ਵਾਤਾਵਰਣ ਸਾਂਭ-ਸੰਭਾਲ ਜਿਹੇ ਸਮਾਜਿਕ ਵਿਸ਼ਿਆਂ ਤੇ ਵੀ ਤੱਥਾਂ ਸਹਿਤ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਕੋਵਿਡ-19 ਦੇ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਆਲੇ-ਦੁਆਲੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਅੰਤ ਵਿੱਚ ਮੁਖੀ ਵਿਭਾਗ ਈਸੀਈ ਮਨਜੀਤ ਸਿੰਘ ਭੁੱਲਰ ਨੇ ਇਸ ਸੈਮੀਨਾਰ ਵਿੱਚ ਮੌਜੂਦ ਸਮੂਹ ਬੁਲਾਰਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵੈਬੀਨਾਰ ਦੀ ਸਫਲਤਾ ਲਈ ਬੇਅੰਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਬਤੌਰ ਕੋਆਰਡੀਨੇਟਰ ਯੋਗਦਾਨ ਪਾਇਆ।