ਚੰਡੀਗੜ੍ਹ, 16 ਅਪ੍ਰੈਲ 2021 - ਪੰਜਾਬ ਸਿਵਲ ਸਕੱਤਰੇਤ, ਵਿਧਾਨ ਸਭਾ ਅਤੇ ਸਕੱਤਰੇਤ-2 ਦੇ ਮੁਲਾਜ਼ਮ ਤੇ ਅਫਸਰ ਹੁਣ ਉੱਥੋਂ ਦੀਆਂ ਕੰਟੀਨਾਂ ਵਿਚ ਸ਼ੱਕਰ ਤੋਂ ਬਣੇ ਲੱਡੂਆਂ ਦਾ ਜ਼ਾਇਕਾ ਮਾਨਣਗੇ। ਕੰਟੀਨਾਂ ਵਿਚ 19 ਅਪ੍ਰੈਲ ਤੋਂ ਇਹ ਲੱਡੂ ਤਿਆਰ ਕਰਕੇ ਇਨ੍ਹਾਂ ਦੀ ਵਿੱਕਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੰਟ ਪ੍ਰੋਟੋਕੋਲ ਦਵਿੰਦਰ ਸਿੰਘ ਜੁਗਨੀ ਨੇ ਦੱਸਿਆ ਕਿ ਵਿਸ਼ੇਸ਼ ਸਕੱਤਰ ਪ੍ਰੋਟੋਕੋਲ ਅਤੇ ਡਾਇਰੈਕਟਰ ਪ੍ਰਾਹੁਣਚਾਰੀ ਮੋਨੀਸ਼ ਕੁਮਾਰ ਜੀ ਦੀ ਪ੍ਰਵਾਨਗੀ ਉਪਰੰਤ, ਕੰਟੀਨਾਂ ਵਿਚ ਮੁਲਾਜ਼ਮਾਂ ਲਈ ਇਹ ਸੇਵਾ ਆਰੰਭੀ ਜਾ ਰਹੀ ਹੈ। ਸੁਪਰਡੰਟ ਪ੍ਰੋਟੋਕੋਲ ਨੇ ਦੱਸਿਆ ਕਿ ਸ਼ੱਕਰ ਨਾਲ ਬਣੇ ਹੋਏ ਇਹ ਲੱਡੂ , ਦੂਜੇ ਰਵਾਇਤੀ ਲੱਡੂਆਂ ਨਾਲੋਂ ਜ਼ਿਆਦਾ ਪੌਸ਼ਟਿਕ ਮੰਨੇ ਜਾਂਦੇ ਹਨ ਅਤੇ ਸਿਹਤ ਲਈ ਵੀ ਚੰਗੇ ਹੁੰਦੇ ਹਨ।