ਦਿਨ ਰਾਤ ਜਾਰੀ ਧਰਨੇ ਉੱਪਰ ਪਰਿਵਾਰ ਦੇ ਨਾਲ ਡਟੇ ਹੋਏ ਹਨ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 16 ਅਪਰੈਲ , ਗੋਲੀਆਂ ਮਾਰ ਕੇ ਕਤਲ ਕੀਤੇ ਅਕਾਲੀ ਦਲ ਪੱਖੀ ਇਕ ਕਿਸਾਨ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲਸ ਥਾਣਾ ਗੁਰੂ ਹਰਸਹਾਏ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਗਾਤਾਰ ਜਾਰੀ ਹੈ ।
ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚੱਲਦੇ ਪੁਰਾਣੇ ਵਿਵਾਦ ਦੇ ਸੰਬੰਧ ਵਿਚ ਚੱਕ ਪੰਜੇ ਕੇ ਵਾਸੀ ਮਹਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦਕਿ ਉਸ ਦਾ ਪੁੱਤਰ ਗੁਰਚਰਨ ਸਿੰਘ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਸੀ ।
ਮ੍ਰਿਤਕ ਦਾ ਪਰਿਵਾਰ ਵੀ ਪੁਲਸ ਥਾਣੇ ਸਾਹਮਣੇ ਧਰਨੇ ਉੱਪਰ ਬੈਠਾ ਹੈ ।
ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਗੁਰੂਹਰਸਹਾਏ ਵਰਦੇਵ ਸਿੰਘ ਨੋਨੀ ਮਾਨ ਦਾ ਇਸ ਸਬੰਧੀ ਕਹਿਣਾ ਹੈ ਕਿ ਜਦੋਂ ਪਿਛਲੇ ਕਈ ਸਾਲਾਂ ਤੋਂ ਜ਼ਮੀਨੀ ਵਿਵਾਦ ਚਲਿਆ ਆ ਰਿਹਾ ਸੀ ਅਤੇ ਮਹਿੰਦਰ ਸਿੰਘ ਉਪਰ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਹਨ ਤਾਂ ਕਾਂਗਰਸ ਪਾਰਟੀ ਦੀ ਸ਼ਹਿ ਤੇ ਪੁਲਸ ਵਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ । ਨਤੀਜੇ ਵਜੋਂ ਅੱਜ ਇੱਕ ਨੌਜਵਾਨ ਦਾ ਸ਼ਰ੍ਹੇਆਮ ਕਤਲ ਕਰ ਦਿੱਤਾ ਗਿਆ ਹੈ ।
ਦੱਸਣਯੋਗ ਹੈ ਕਿ ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੋਇਆ ਸੀ , ਜਿਥੋਂ ਅੱਜ ਪੁਲਸ ਪੋਸਟ ਮਾਰਟਮ ਲਈ ਲਾਸ਼ ਨੂੰ ਫਰੀਦਕੋਟ ਲੈ ਕੇ ਜਾ ਰਹੀ ਹੈ ।
ਧਰਨੇ ਉੱਪਰ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਵੀ ਪੁੱਜੇ ਹੋਏ ਹਨ ।
ਯੂਥ ਅਕਾਲੀ ਆਗੂ ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰ ਉੱਪਰ ਹੋਏ ਜਬਰ ਜੁਲਮ ਸਬੰਧੀ ਇਸ ਲਈ ਡਟ ਕੇ ਖੜ੍ਹਾ ਹੈ ਕਿ ਜੇਕਰ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਹੀਂ ਹੁੰਦੀ ਤਾਂ ਇਹ ਲੋਕ ਮਾਰੇ ਗਏ ਕਿਸਾਨ ਦੇ ਪਰਿਵਾਰ ਦਾ ਜੀਣਾ ਮੁਹਾਲ ਕਰ ਦੇਣਗੇ ।
ਸ਼੍ਰੋਮਣੀ ਯੂਥ ਅਕਾਲੀ ਦਲ ਸ਼ਹਿਰੀ ਦੇ ਆਗੂ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਇਸ ਸੰਬੰਧੀ ਕਿਹਾ ਕਿ ਸਿਆਸੀ ਸ਼ਹਿ ਤੇ ਇਸ ਤੋਂ ਪਹਿਲਾਂ ਵੀ ਅਨੇਕਾਂ ਕਤਲ ਹੋ ਚੁੱਕੇ ਹਨ ।
ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਸ਼ਨ ਸਿੰਘ ਮੋਠਾਂ ਵਾਲਾ ਨੇ ਕਿਹਾ ਕਿ ਉਸ ਨੂੰ ਬਗੈਰ ਦੇਰੀ ਕੀਤੇ ਪੀਡ਼ਤ ਪਰਿਵਾਰ ਨੂੰ ਇਨਸਾਫ਼ ਦੇਣਾ ਚਾਹੀਦਾ ਹੈ ।
ਮ੍ਰਿਤਕ ਕਿਸਾਨ ਦੇ ਭਰਾ ਨਿਰਮਲ ਸਿੰਘ ਨੇ ਅੱਜ ਫੇਰ ਇੱਕ ਵਾਰ ਦੁਹਰਾਇਆ ਕਿ ਜਦ ਤੱਕ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਦ ਤਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ।
ਇਸ ਸੰਬੰਧੀ ਡੀ ਐੱਸ ਪੀ ਗੁਰੂ ਹਰਸਹਾਏ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਚੋਂ ਦੋ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ।