ਸੰਜੀਵ ਸੂਦ
- ਪੰਜਾਬ 'ਚ ਆਉਂਦੇ ਦਿਨਾਂ 'ਚ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਨਿਜਾਤ
- 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਬਾਰਿਸ਼ ਦੀ ਸੰਭਾਵਨਾ
- ਮੌਸਮ ਮਾਹਿਰਾਂ ਨੇ ਕਿਸਾਨਾਂ ਨੂੰ ਇਨ੍ਹਾਂ ਦਿਨਾਂ ਦੌਰਾਨ ਫਸਲਾਂ ਨਾ ਵੱਢਣ ਦੀ ਦਿੱਤੀ ਸਲਾਹ
- ਗਰਮ ਹਵਾਵਾਂ ਤੋਂ ਮਿਲੇਗੀ ਰਾਹਤ
ਲੁਧਿਆਣਾ, 15 ਅਪ੍ਰੈਲ 2021 - ਉੱਤਰ ਭਾਰਤ ਵਿੱਚ ਲਗਾਤਾਰ ਮੌਸਮ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਬੀਤੇ ਇਕ ਹਫਤੇ ਦੇ ਦੌਰਾਨ ਪੰਜਾਬ ਭਰ ਦੇ ਵਿੱਚ ਲੋਕਾਂ ਨੂੰ ਤਿੱਖੀ ਗਰਮੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦਿਨਾਂ ਦੌਰਾਨ ਗਰਮ ਹਵਾਵਾਂ ਵੀ ਚਲਦੀਆਂ ਰਹੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਬੀਤੇ ਦਿਨਾਂ ਵਿਚ ਲੂ ਚੱਲਣ ਨਾਲ ਪਾਰੀ ਦੇ ਵਿਚ ਵਾਧਾ ਦਰਜ ਕੀਤਾ ਗਿਆ ਅਤੇ ਲੁਧਿਆਣਾ ਵਿੱਚ ਬੀਤੇ ਦਿਨ ਦੇ ਵਿੱਚ ਪਾਰਾ 35 ਡਿਗਰੀ ਤੋਂ ਲੈ ਕੇ 38 ਡਿਗਰੀ ਤਕ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੌਸਮ ਤੋਂ ਹੁਣ ਆਉਂਦੇ ਦਿਨਾਂ 'ਚ ਲੋਕਾਂ ਨੂੰ ਨਿਜਾਤ ਮਿਲੇਗੀ। ਪਰ ਕਿਸਾਨਾਂ ਨੂੰ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੂਬੇ ਵਿੱਚ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਮੌਸਮ ਚ ਕਾਫੀ ਤਬਦੀਲੀ ਆਵੇਗੀ ਅਤੇ ਜੋ ਬੀਤੇ ਕਈ ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਸਨ, ਉਸ ਤੋਂ ਵੀ ਲੋਕਾਂ ਨੂੰ ਥੋੜ੍ਹੀ ਬਹੁਤ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਪਰ ਇਸ ਦੌਰਾਨ ਕਿਸਾਨ ਇਹ ਖਾਸ ਧਿਆਨ ਰੱਖਣ ਕਿ ਉਹ ਇਨ੍ਹਾਂ ਦਿਨਾਂ ਚ ਕਣਕ ਦੀ ਵਾਢੀ ਨਾ ਕਰਨ ਕਿਉਂਕਿ ਖੇਤ 'ਚ ਕੱਟੀ ਹੋਈ ਕਣਕ ਦਾ ਖੜ੍ਹੀ ਫ਼ਸਲ ਨਾਲੋਂ ਵੱਧ ਨੁਕਸਾਨ ਹੁੰਦਾ ਹੈ। ਇਸ ਕਰਕੇ ਜੇਕਰ ਕਿਸੇ ਨੇ ਕਿਸਾਨ ਵੱਢ ਕੇ ਰੱਖੀ ਹੈ ਤਾਂ ਉਹ ਵੀ ਜ਼ਰੂਰ ਇਸ ਨੂੰ ਸੁਰੱਖਿਅਤ ਥਾਂਵਾਂ ਤੇ ਸਾਂਭ ਲਏ। ਡਾ ਕੁਲਵਿੰਦਰ ਕੌਰ ਨੇ ਕਿਹਾ ਕਿ ਅਪਰੈਲ ਮਹੀਨੇ ਦੇ ਵਿੱਚ ਜੋ ਆਮ ਗਰਮੀ ਹੁੰਦੀ ਹੈ ਉਸੇ ਤਰ੍ਹਾਂ ਮੌਸਮ ਚੱਲ ਰਿਹਾ ਹੈ।