16 ਸਾਲਾਂ ਬੱਚੇ ਨੇ ਮੈਰੀਲੈਂਡ ਪੁਲਿਸ 'ਤੇ ਨਕਲੀ ਗੰਨ ਤਾਣੀ, ਜਵਾਬੀ ਕਾਰਵਾਈ ਵਿੱਚ ਬੱਚੇ ਦੀ ਜਾਨ ਗਈ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 14 ਅਪ੍ਰੈਲ 2021: ਮੈਰੀਲੈਂਡ ਸਟੇਟ ਪੁਲਿਸ, ਲਿਓਨਾਰਡਟਾਉਨ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਗੋਲੀਬਾਰੀ ਵਿੱਚ ਸ਼ਾਮਿਲ ਹੋਣ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇੱਕ 16 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਮੰਗਲਵਾਰ ਨੂੰ ਦੁਪਹਿਰ ਦੇ 1:30 ਵਜੇ ਤੋਂ ਪਹਿਲਾਂ ਪੁਲਿਸ ਨੂੰ ਦੋ ਵੱਖ-ਵੱਖ 911 ਕਾਲਾਂ ਪ੍ਰਾਪਤ ਹੋਈਆਂ, ਜਿਸ ਵਿੱਚ ਇੱਕ ਵਿਅਕਤੀ ਕੋਲ ਬੰਦੂਕ ਹੋਣ ਦੇ ਸ਼ੱਕ ਬਾਰੇ ਦੱਸਿਆ ਗਿਆ ਸੀ। ਇਸ ਉਪਰੰਤ ਕਾਰਵਾਈ ਕਰਦਿਆਂ ਮੈਰੀਲੈਂਡ ਸਟੇਟ ਪੁਲਿਸ ਦਾ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚਿਆ ਅਤੇ ਉਸ ਨੇ ਇੱਕ ਲੜਕੇ ਦਾ ਸਾਹਮਣਾ ਕੀਤਾ, ਜਿਸਦੀ ਪਛਾਣ ਪਾਈਟਨ ਹੈਮ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਉਸ ਲੜਕੇ ਕੋਲ ਬੰਦੂਕ ਵਰਗੀ ਚੀਜ਼ ਅਤੇ ਚਾਕੂ ਦਿਖਾਈ ਦੇ ਰਿਹਾ ਸੀ। ਪੁਲਿਸ ਦੇ ਬਿਆਨ ਅਨੁਸਾਰ, ਇੱਕ ਗਵਾਹ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਹੈਮ ਨੂੰ ਗੋਲੀਬਾਰੀ ਦਾ ਰੁਖ ਅਪਣਾਉਂਦਿਆਂ ਵੇਖਿਆ ਅਤੇ ਆਪਣੀ ਬੰਦੂਕ ਅਧਿਕਾਰੀ ਵੱਲ ਤਾਣੀ, ਜਿਸਦੇ ਜਵਾਬ ਵਿੱਚ ਪੁਲਿਸ ਅਧਿਕਾਰੀ ਨੇ ਹੈਮ ਉੱਤੇ ਗੋਲੀਬਾਰੀ ਕੀਤੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ।
ਗੋਲੀ ਲੱਗਣ ਉਪਰੰਤ ਹੈਮ ਨੂੰ ਮੈਡਸਟਾਰ ਸੇਂਟ ਮੈਰੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਲਦ ਹੀ ਉਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਵਿਭਾਗ ਅਨੁਸਾਰ ਗੋਲੀਬਾਰੀ ਤੋਂ ਬਾਅਦ ਘਟਨਾ ਸਥਾਨ 'ਤੇ ਇੱਕ ਚਾਕੂ ਬਰਾਮਦ ਹੋਇਆ ਅਤੇ ਹੈਮ ਦੀ ਬੰਦੂਕ ਇੱਕ ਏਅਰਸੌਫਟ ਬੰਦੂਕ ਨਿਕਲੀ ਜੋ ਕਿ ਅਸਲ ਹੈਂਡਗਨ ਦੀ ਤਰ੍ਹਾਂ ਦਿਸਦੀ ਹੈ।ਮੈਰੀਲੈਂਡ ਸਟੇਟ ਪੁਲਿਸ ਦੀ ਹੋਮੀਸਾਈਡ ਯੂਨਿਟ ਹੁਣ ਇਸਦੀ ਅਪਰਾਧਿਕ ਜਾਂਚ ਕਰ ਰਹੀ ਹੈ। ਜਾਂਚਕਰਤਾ ਗਵਾਹਾਂ ਦੀ ਇੰਟਰਵਿਊ ਵੀ ਜਾਰੀ ਰੱਖ ਰਹੇ ਹਨ। ਇਸ ਵਿੱਚ ਸ਼ਾਮਿਲ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਸੀ। ਉਸ ਨੂੰ ਪ੍ਰਸ਼ਾਸਕੀ ਛੁੱਟੀ 'ਤੇ ਰੱਖਿਆ ਗਿਆ ਹੈ, ਜਦੋਂ ਕਿ ਜਾਂਚ ਜਾਰੀ ਹੈ।