ਬਲਵਿੰਦਰ ਸਿੰਘ ਧਾਲੀਵਾਲ
- ਕਣਕ ਦੀ ਖਰੀਦ ਤੇਜ ਕੀਤੀ ਜਾਵੇ - ਸਾਬਕਾ ਚੇਅਰਮੈਨ ਸੁੱਖ
ਸੁਲਤਾਨਪੁਰ ਲੋਧੀ 14 ਅਪ੍ਰੈਲ 2021 - ਸਰਕਾਰ ਵਲੋਂ ਕਣਕ ਦੀ ਖਰੀਦ 10 ਅਪ੍ਰੈਲ ਤੋਂ ਬਕਾਇਦਾ ਸ਼ੁਰੂ ਕਰ ਦਿੱਤੀ ਗਈ ਹੈ ਪਰ ਸੁਲਤਾਨਪੁਰ ਲੋਧੀ ਚ' ਬਾਰਦਾਨਾ ਨਾਂ ਮਿਲਣ ਅਤੇ ਖਰੀਦ ਏਜੰਸੀਆਂ ਵਲੋਂ ਬਹੁਤ ਘੱਟ ਖਰੀਦ ਲਿਖਣ ਕਾਰਨ ਕਿਸਾਨ ਮੰਡੀ ਵਿੱਚ ਖੱਜਲ ਖੁਆਰ ਹੋ ਰਹੇ ਹਨ। ਪੰਜਾਬੀ ਜਾਗਰਣ ਵਲੋਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਚ' ਕਣਕ ਲੈ ਕੇ ਆਏ ਵੱਖ ਵੱਖ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਦੋਰਾਨ ਸਮੱਸਿਆਵਾਂ ਦਾ ਮਾਮਲਾ ਸਾਹਮਣੇ ਆਇਆ। ਮੰਡੀ ਵਿੱਚ ਕਣਕ ਦੀਆਂ ਢੇਰੀਆਂ ਦੇ ਅੰਬਾਰ ਵੀ ਸਰਕਾਰੀ ਖਰੀਦ ਪ੍ਰਬੰਧਾਂ ਦੇ ਸੱਚ ਨੂੰ ਉਜਾਗਰ ਕਰ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਇਲਾਕੇ ਦੇ ਵੱਡੇ ਕਿਸਾਨ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਨੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਣਕ ਦੀ ਨਾਲੋ ਨਾਲ ਖਰੀਦ ਦੇ ਕੀਤੇ ਜਾ ਰਹੇ ਦਾਅਵਿਆਂ ਤੇ ਸੁਆਲਿਆ ਨਿਸ਼ਾਨ ਲਗਾਉਂਦੇ ਦੱਸਿਆ ਕਿ ਜਦੋਂ ਦੀ ਸਰਕਾਰ ਵਲੋਂ ਖਰੀਦ ਸ਼ੁਰੂ ਕੀਤੀ ਗਈ ਹੈ ਉਦੋਂ ਤੋਂ ਹੀ ਆੜਤੀਆਂ ਖਾਸ ਕਰਕੇ ਛੋਟੇ ਆੜ੍ਹਤੀਆਂ ਨੂੰ ਬਾਰਦਾਨਾ ਨਹੀਂ ਮਿਲ ਰਿਹਾ ਜਿਸ ਕਾਰਨ ਦਾਨਾ ਮੰਡੀਆਂ ਵਿੱਚ ਕਣਕ ਦੀ ਫਸਲ ਲਿਆ ਕੇ ਕਿਸਾਨ ਮੱਛਰਾਂ ਵਿੱਚ ਰਾਤਾਂ ਨੂੰ ਢੇਰੀਆਂ ਦੀ ਰਾਖੀ ਕਰਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਦਾ ਜਿਨਾ ਮਾੜਾ ਹਾਲ ਇਸ ਵਾਰ ਹੈ , ਏਨਾ ਪਹਿਲਾਂ ਕਦੇ ਨਹੀ ਹੋਇਆ । ਚੇਅਰਮੈਨ ਸੁੱਖ ਨੇ ਸੂਬਾ ਸਰਕਾਰ ਨੂੰ ਦਾਨਾ ਮੰਡੀਆਂ ਵਿੱਚ ਤੁਰੰਤ ਬਾਰਦਾਨਾ ਭੇਜਣ ਦੀ ਮੰਗ ਕੀਤੀ ।
ਉਨ੍ਹਾਂ ਹੋਰ ਦੱਸਿਆ ਕਿ ਇਸ ਵਾਰ ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਖਿਲਾਫ ਰੋਸ ਧਰਨੇ ਲਗਾ ਰਹੇ ਹਨ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਕੋਰੋਨਾ ਬਿਮਾਰੀ ਦੇ ਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵਲੋਂ ਇੱਕ ਦਿਨ ਇੱਕ ਕਿਸਾਨ ਦੀ 60 ਕੁਇੰਟਲ ਤੋਂ ਵੱਧ ਕਣਕ ਖਰੀਦ ਕਰਨ ਤੋਂ ਵੀ ਸਾਫ ਇਨਕਾਰ ਇਹ ਕਹਿ ਕੇ ਕੀਤਾ ਜਾ ਰਿਹਾ ਹੈ ਕਿ ਇੱਕ ਕੂਪਨ ਨਾਲ ਸਿਰਫ 60 ਕੁਇੰਟਲ ਹੀ ਕਣਕ ਦੀ ਖਰੀਦ ਕੀਤੀ ਜਾਵੇਗੀ ਅਤੇ ਜੋ ਵੱਧ ਗਈ ਉਹ ਨਹੀ ਭਰੀ ਜਾਏਗੀ ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀਆਂ ਵਿੱਚ ਬਾਰਦਾਨਾ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸੈਕਟਰੀ ਦੀਪਕ ਕੁਮਾਰ ਨੇ ਕਿਹਾ ਕਿ ਕਣਕ ਦੀ ਖਰੀਦ ਠੀਕ ਢੰਗ ਨਾਲ ਚੱਲ ਰਹੀ ਹੈ ।ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਘਾਟ ਜਲਦੀ ਦੂਰ ਹੋ ਜਾਵੇਗੀ ।ਉਨ੍ਹਾਂ ਕਣਕ ਲੈ ਕੇ ਮੰਡੀਆਂ ਵਿੱਚ ਆਏ ਕਿਸਾਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਤੇ ਆੜਤੀਆਂ ਨੂੰ ਵੀ ਮੰਡੀਆਂ ਵਿੱਚ ਜਿਆਦਾ ਭੀੜ ਨਾਂ ਕਰਨ ਦੀ ਅਪੀਲ ਕੀਤੀ ।