ਗੌਰਵ ਮਾਨਿਕ
ਫਿਰੋਜ਼ਪੁਰ, 14 ਅਪ੍ਰੈਲ 2021 - ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਸੀ ਆਈ ਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਤਸਕਰ ਨੂੰ 260 ਗ੍ਰਾਮ ਹੈਰੋਇਨ ਇਕ ਪਿਸਟਲ ਮੈਗਜ਼ੀਨ 6 ਜ਼ਿੰਦਾ ਕਾਰਤੂਸ 7.65mm ਅਤੇ ਇਕ ਐਕਟਿਵਾ ਸਕੂਟਰ ਸਮੇਤ ਕਾਬੂ ਕੀਤਾ ਹੈ। ਜਿਸ ਨੂੰ ਲੈ ਕੇ ਥਾਣਾ ਕੈਂਟ ਵਿਖੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ ਆਈ ਏ ਸਟਾਫ਼ ਦੇ ਇੰਸਪੈਕਟਰ ਅਭਿਨਵ ਚੌਹਾਨ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਰਾਕੇਸ਼ ਪਾਇਲਟ ਚੌਕ ਕੈਂਟ ਫਿਰੋਜਪੁਰ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੋਨੂੰ ਉਰਫ ਟਿੱਡੀ ਪੁੱਤਰ ਮਹੇਸ਼ ਸਿੰਘ ਵਾਸੀ ਬਲਾਕ ਨੰਬਰ 626 ਰੇਲਵੇ ਕੁਆਰਟਰ ਪ੍ਰੇਮ ਨਗਰ ਨੇਡ਼ੇ ਸੇਂਟ ਕਾਨਵੈਂਟ ਸਕੂਲ ਕੈਂਟ ਫਿਰੋਜ਼ਪੁਰ ਜੋ ਹੈਰੋਇਨ ਵੇਚਣ ਦਾ ਆਦੀ ਹੈ। ਉਸ ਨੇ ਆਪਣੇ ਪਾਸ ਨਾਜਾਇਜ਼ ਅਸਲਾ ਵੀ ਰੱਖਿਆ ਹੋਇਆ ਹੈ ਜੋ ਅੱਜ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਲੈਕੇ ਵੇਚਣ ਲਈ ਸੇਂਟ ਕਾਨਵੈਂਟ ਸਕੂਲ ਦੇ ਸਾਹਮਣੇ ਪਏ ਖਾਲੀ ਗਰਾਊਂਡ ਵਿਚ ਖਡ਼੍ਹਾ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ।
ਜੇਕਰ ਹੁਣੇ ਉਸ ਤੇ ਰੇਡ ਕੀਤੀ ਜਾਵੇ ਤਾਂ ਉਸ ਕੋਲੋਂ ਹੈਰੋਇਨ ਤੇ ਨਾਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਦੋਸ਼ੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ 260 ਗ੍ਰਾਮ ਹੈਰੋਇਨ ਇੱਕ ਪਿਸਟਲ ਸਮੇਤ ਮੈਗਜ਼ੀਨ 6 ਜ਼ਿੰਦਾ ਕਾਰਤੂਸ 7.65mm ਤੇ ਇਕ ਐਕਟਿਵਾ ਸਕੂਟਰ ਰੰਗ ਚਿੱਟਾ ਬਰਾਮਦ ਹੋਇਆ ਹੈ। ਜਿਸ ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।