ਲੋਕਾਂ ਨੇ ਪ੍ਰਸਾਸਨ ਤੋਂ ਹੱਲ ਦੀ ਲਗਾਈ ਗੁਹਾਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ 2021-ਕੋਵਿਡ-19 ਤੋਂ ਬਚਾਅ ਲਈ ਭਾਵੇਂ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਸਾਫ਼ ਸਫ਼ਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਲੋਕਾਂ ਦੇ ਘਰਾਂ ’ਚ ਆ ਰਿਹਾ ਪੀਣ ਦਾ ਪਾਣੀ ਗੰਦਲਾ ਹੋਣ ਕਰਕੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਵੱਲ ਧਕੇਲਿਆ ਜਾ ਰਿਹਾ ਹੈ। ਸਥਾਨਕ ਗੋਨਿਆਣਾ ਰੋਡ ’ਤੇ ਲੋਕਾਂ ਨੂੰ ਬੀਤੇ ਕਈ ਦਿਨਾਂ ਤੋਂ ਘਰਾਂ ’ਚ ਵਾਟਰ ਵਰਕਸ ਦੇ ਪਾਣੀ ’ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਣ ਨਾਲ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਲਾਡੀ, ਰੋਹਿਤ ਕੁਮਾਰ, ਭੁਪਿੰਦਰ, ਵਿਜੇ ਕੁਮਾਰ ਆਦਿ ਨੇ ਦੱਸਿਆ ਕਿ ਕਈ ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਆ ਰਿਹਾ ਹੈ, ਇਸ ਬਾਰੇ ’ਚ ਐਸਡੀਓ ਜਗਮੋਹਨ ਸਿੰਘ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਮਸਲਾ ਹੱਲ ਨਹੀਂ ਹੋਇਆ। ਉਨਾਂ ਕਿਹਾ ਕਿ ਪੀਣ ਦਾ ਪਾਣੀ ਬਹੁਤ ਜ਼ਿਆਦਾ ਗੰਦਲਾ ਹੈ ਤੇ ਉਸ ’ਚ ਬਦਬੂ ਵੀ ਆ ਰਹੀ ਹੈ, ਜਿਸ ਕਾਰਨ ਕੈਂਸਰ, ਕਾਲਾ ਪੀਲੀਆ ਤੇ ਹੋਰ ਬਿਮਾਰੀਆਂ ਫੈਲਣ ਦਾ ਡਰ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰੇ।
ਇਸ ਬਾਰੇ ’ਚ ਜਦੋਂ ਐਸਡੀਓ ਜਗਮੋਹਨ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਫੋਨ ਨਹੀਂ ਚੁੱਕਿਆ, ਜਦੋਂਕਿ ਐਕਸੀਅਨ ਅੰਮਿ੍ਰਤਪਾਲ ਨੇ ਕਿਹਾ ਕਿ ਉਹ ਚੈਕ ਕਰਵਾ ਲੈਂਦੇ ਹਨ ਤੇ ਜਲਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।