ਨਵੇਂ ਗੀਤ ‘ਦਿਲ ਕਰਦਾ ਫਕੀਰ ਬਣ ਜਾਵਾਂ’ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ
ਰਾਜਵੰਤ ਸਿੰਘ
ਗਿੱਦੜਬਾਹਾ, 12 ਅਪ੍ਰੈਲ 2021-ਸੂਫੀਆਨਾ ਗਾਇਕੀ ਸਾਡੀ ਰੂਹ ਦੀ ਖੁਰਾਕ ਹੈ ਤੇ ਇਸ ਗਾਇਕੀ ਤੋਂ ਉਹ ਪੂਰਨ ਸੰਤੁਸ਼ਟ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਸੂਫੀ ਗਾਇਕ ਸ਼ਮਸ਼ੇਰ ਲਹਿਰੀ ਤੇ ਬਰਿੰਦਰ ਢਿੱਲੋਂ ਨੇ ਅੱਜ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਪਣੇ ਨਵੇਂ ਗੀਤ ‘ਦਿਲ ਕਰਦਾ ਫ਼ਕੀਰ ਬਣ ਜਾਵਾਂ’ ਨੂੰ ਲੈ ਕੇ ਚਰਚਾ ਵਿਚ ਚੱਲ ਰਹੇ ਸੂਫੀ ਗਾਇਕ ਸ਼ਮਸ਼ੇਰ ਲਹਿਰੀ ਤੇ ਬਰਿੰਦਰ ਢਿੱਲੋਂ ਕਿਹਾ ਕਿ ਸੂਫ਼ੀਆਨਾ ਗਾਇਕੀ ਸਾਡਾ ਕੋਈ ਕਿੱਤਾ ਨਹੀਂ, ਬਲਕਿ ਇਹ ਸਾਡੇ ਲਈ ਇਬਾਦਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਾਜ ਨੂੰ ਚੰਗੀ ਸੇਧ ਦੇਣ ਲਈ ਸੂਫੀਆਨਾ ਗਾਇਕੀ ਨੂੰ ਅਪਣਾਇਆ ਹੈ, ਜਦੋਕਿ ਅੱਜ-ਕੱਲ ਦੇ ਗਾਇਕ ਰਾਤੋ ਰਾਤ ਸਟਾਰ ਬਣਨ ਦੀ ਹੋੜ ’ਚ ਪੌਪ ਤੇ ਅਸ਼ਲੀਲ ਗਾਇਕੀ ਨੂੰ ਅਪਣਾਉਂਦੇ ਹਨ, ਜੋ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਪੈਸਾ ਹੀ ਸਬ ਕੁੱਝ ਨਹੀਂ ਸਗੋਂ ਅੰਦਰੂਨੀ ਸੁੱਖ ਤੇ ਸੰਤੁਸ਼ਟੀ ਹੀ ਸਭ ਕੁੱਝ ਹੈ ਤੇ ਪ੍ਰਮਾਤਮਾ ਨੇ ਸਾਡੀ ਡਿਊਟੀ ਇਸ ਕਰਕੇ ਸੂਫੀਆਨਾ ਗਾਇਕੀ ’ਤੇ ਲਗਾਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਨੇਕਾਂ ਸੂਫੀ ਗੀਤ ‘ਕਬੂਤਰਾਂ ਦੇ ਆਲ੍ਹਣੇ’, ‘ਅਰਦਾਸ’, ‘ਫ਼ੈਲੀ ਕੈਸੀ ਅੱਗ’, ‘ਗੰਗਾ ਜਲ’, ‘ਬਾਬਾ ਨਾਨਕ ਭਲੀ ਕਰੂੰਗਾ’, ‘ਸਾਈਆਂ’, ‘ਮਾਫ਼ੀ’ ‘ਦਿਲ ਕਰਦਾ ਫ਼ਕੀਰ ਬਣ ਜਾਵਾਂ’ ਗਾਏ ਹਨ, ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।