ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਰੋਨਾ ਟੈਸਟਿੰਗ ਤੇ ਟੀਕਾਕਰਨ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 12 ਅਪ੍ਰੈਲ 2021: ਫ਼ਰੀਦਕੋਟ ਜ਼ਿਲ੍ਹੇ ਦੀ ਕਰੋਨਾ ਮੈਨੇਜਮੈਂਟ ਅਤੇ ਵੈਕਸੀਨੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪ੍ਰਿੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ ਵੱਲੋਂ ਅੱਜ ਫ਼ਰੀਦਕੋਟ ਜ਼ਿਲ੍ਹੇ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਡੀਸੀ ਦਫ਼ਤਰ ਦੇ ਅਸ਼ੋਕ ਚੱਕਰ ਹਾਲ ਵਿੱਚ ਡਿਪਟੀ ਕਮਿਸ਼ਨਰ, ਸਿਵਲ ਤੇ ਪੁਲੀਸ ਵਿਭਾਗ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ।
ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦਾ ਪਤਾ ਲਗਾਉਣ ਲਈ ਵੱਧ ਤੋਂ ਵੱਧ ਟੈਸਟਿੰਗ ਕੀਤੀ ਜਾਵੇ ਅਤੇ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦੀ ਟਰੀਟਮੈਂਟ(ਇਲਾਜ) ਅਤੇ ਟਰੇਸਿੰਗ( ਨਿਗਰਾਨੀ) ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਵਿੱਚ ਕੋਰੋਨਾ ਦੀ ਰੋਕਥਾਮ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਦੀ ਵਿਸ਼ੇਸ਼ ਤੌਰ ਤੇ ਜਾਣਕਾਰੀ ਹਾਸਲ ਕੀਤੀ ਤੇ ਇਸ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ।
ਸ੍ਰੀ ਹੁਸਨ ਲਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਰੋਨਾ ਸਬੰਧੀ ਲਏ ਜਾਣ ਵਾਲੇ ਸੈਂਪਲ ਐੱਸਐੱਮਓ ਲੇਵਲ ਤੋਂ ਸਿੱਧੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਲੈਬ ਵਿੱਚ ਭੇਜੇ ਜਾਣ ਤੇ ਇਹ ਪ੍ਰਕਿਰਿਆ ਦਿਨ ਵਿੱਚ ਘੱਟੋ ਘੱਟ ਦੋ ਵਾਰ ਕੀਤੀ ਜਾਵੇ ਤਾਂ ਜੋ ਟੈਸਟਿੰਗ ਦੀ ਰਿਪੋਰਟ ਜਲਦੀ ਮਿਲ ਸਕੇ। ਉਨ੍ਹਾਂ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਲਏ ਗਏ ਕਰੋਨਾ ਸੈਂਪਲ ਦੀ ਰਿਪੋਰਟ ਵਿੱਚ 12 ਘੰਟੇ ਤੋਂ ਵੱਧ ਦਾ ਸਮਾਂ ਨਹੀਂ ਲੱਗਣਾ ਚਾਹੀਦਾ ਕਿਉਂਕਿ ਪੌਜ਼ਟਿਵ ਪਾਏ ਮਰੀਜ਼ਾਂ ਦੇ ਕੰਟੈਕਟ ਟ੍ਰੇਸਿੰਗ ਵੀ ਜਲਦੀ ਤੋਂ ਜਲਦੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੋਰੋਨਾ ਟੀਕਾਕਰਨ ਮੌਕੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਤੇ ਘੱਟੋ ਘੱਟ ਸਮਾਂ ਲਗਾਉਣ ਲਈ ਵੀ ਕਿਹਾ ਅਤੇ ਸੈਂਪਲਿੰਗ ਆਦਿ ਦੇ ਕੰਮਾਂ ਵਿੱਚ ਰੂਰਲ ਮੈਡੀਕਲ ਅਫ਼ਸਰ ਦੀ ਡਿਊਟੀ ਲਗਾਉਣ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੌਜ਼ਟਿਵ ਆਉਣ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾਵੇ ਅਤੇ ਉਨ੍ਹਾਂ ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਇਸ ਤੋਂ ਇਲਾਵਾ ਪਾਜਿਟਿਵ ਆਏ ਮਰੀਜ਼ ਨੂੰ ਤੁਰੰਤ ਮਿਸ਼ਨ ਫਤਿਹ ਤਹਿਤ ਕਿੱਟ ਵੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਸਾਰਿਆਂ ਨੂੰ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਦਾ ਟੈਸਟਿੰਗ, ਇਲਾਜ ਤੇ ਟੀਕਾਕਰਨ ਰਾਹੀਂ ਖ਼ਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੈਂਪਲਿੰਗ ਤੇ ਟੀਕਾਕਰਨ ਦਾ ਟੀਚਾ ਰਾਸ਼ਟਰੀ ਪੱਧਰ ਦੇ ਬਰਾਬਰ ਲਿਆਂਦਾ ਜਾਵੇ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਪ੍ਰਿੰਸੀਪਲ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਵਿਭਾਗਾਂ, ਸੰਸਥਾਵਾਂ ਦੇ ਸਹਿਯੋਗ ਨਾਲ ਟੀਕਾਕਰਨ ਤੇ ਸੈਂਪਲਿੰਗ ਦਾ ਦੇ ਕੰਮ ਵਿੱਚ ਵੀ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੱਲ੍ਹ ਤੱਕ 40000 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਇਸ ਲਈ ਜ਼ਿਲ੍ਹੇ ਵਿੱਚ 86 ਟੀਕਾਕਰਨ ਸੈਂਟਰ ਬਣਾਏ ਗਏ ਹਨ। ਇਸ ਤੋਂ ਇਲਾਵਾ ਮੋਬਾਇਲ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਬਿਨਾਂ ਨਾਗਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਸ੍ਰੀ ਸਵਰਨਦੀਪ ਸਿੰਘ ਐੱਸ.ਐਸ.ਪੀ ਫਰੀਦਕੋਟ, ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਐੱਸ ਪੀ, ਮੈਡਮ ਪੂਨਮ ਸਿੰਘ ਐੱਸ ਡੀ ਐੱਮ ਫਰੀਦਕੋਟ, ਡਾ ਮਨਦੀਪ ਕੌਰ ਐਸ.ਡੀ.ਐਮ ਜੈਤੋ,ਡਾ.ਸੰਜੇ ਕਪੂਰ ਸਿਵਲ ਸਰਜਨ,ਡਾ.ਸ਼ਿਲੇਖ ਮਿੱਤਲ ਮੈਡੀਕਲ ਸੁਪਰਡੈਂਟ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ,ਸਮੂਹ ਐੱਸ.ਐੱਮ.ਓਜ਼ ਆਦਿ ਵੀ ਹਾਜ਼ਰ ਸਨ।