ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2021: ਫ਼ਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਨਗਰ ਨਿਗਮ ਬਠਿੰਡਾ ਦੇ ਨਵੇਂ ਚੁਣੇ 50 ਕੌਂਸਲਰਾਂ ਨੂੰ ਸੌਂਹ ਚੁਕਾਈ । ਇਸ ਦੌਰਾਨ ਸ਼੍ਰੀ ਕੌਸ਼ਿਕ ਨੇ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਅਤੇ ਵਫ਼ਾਦਾਰੀ ਨਾਲ ਨਿਭਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ਼੍ਰੀਨਿਵਾਸਨ (ਆਈ.ਏ.ਐਸ) ਹਾਜ਼ਰ ਰਹੇ। ਸੌਂਹ ਚੁੱਕ ਸਮਾਗਮ ਦੌਰਾਨ ਸਮੂਹ ਕੌਂਸਲਰਾਂ ਨੇ ਪਰਮਾਤਮਾ ਦੇ ਨਾਂ ਤੇ ਮਰਿਆਦਾ ਪੂਰਵਕ ਸੌਂਹ ਚੁੱਕਦਿਆਂ ਕਿਹਾ ਕਿ ਅਸੀਂ ਕਾਨੂੰਨ ਦੇ ਆਧਾਰ ਤੇ ਬਣਾਏ ਹੋਏ ਭਾਰਤ ਦੇ ਸੰਵਿਧਾਨ ਦੇ ਹਮੇਸ਼ਾ ਸੱਚੇ ਵਫ਼ਾਦਾਰ ਤੇ ਆਗਿਆਕਾਰ ਰਹਾਂਗੇ ਅਤੇ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਅਤੇ ਵਫ਼ਾਦਾਰੀ ਨਾਲ ਨਿਭਾਵਾਂਗੇ। ਸੌਂਹ ਚੁੱਕ ਸਮਾਗਮ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਪਾਲ ਸਿੰਘ, ਸਹਾਇਕ ਕਮਿਸ਼ਨਰ ਜਨਰਲ ਕੰਵਲਜੀਤ ਸਿੰਘ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਨਵੇਂ ਚੁਣੇ ਗਏ ਸਮੂਹ ਕੌਂਸਲਰ ਹਾਜ਼ਰ ਸਨ।