ਸਾਬਕਾ ਮੰਤਰੀ ਹੰਸ ਰਾਜ ਜੋਸਨ
ਜਗਦੀਸ਼ ਥਿੰਦ
ਫ਼ਾਜ਼ਿਲਕਾ 11 ਅਪ੍ਰੈਲ ,
ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਦੇਖ ਕੇ ਪੰਜਾਬ ਦੀ ਸਿਆਸੀ ਫ਼ਿਜ਼ਾ ਗਰਮਾ ਰਹੀ ਹੈ ।
ਆਮ ਆਦਮੀ ਪਾਰਟੀ , ਟਕਸਾਲੀ ਅਕਾਲੀ ਦਲ ਅਤੇ ਹੋਰ ਧਿਰਾਂ ਵੱਲੋਂ ਮਿਲ ਕੇ ਸੰਯੁਕਤ ਮੋਰਚਾ ਬਣਾ ਕੇ ਚੋਣਾਂ ਲੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲ ਕਰਦਿਆਂ ਜਿੱਥੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉਥੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਾਬਕਾ ਮੰਤਰੀਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਚੋਣ ਲੜਾਈ ਜਾ ਰਹੀ ਹੈ ।
ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਤ ਦੋ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਕਰਨ ਲਈ ਪਿਛਲੇ ਲੰਬੇ ਅਰਸੇ ਤੋਂ ਗੱਲਬਾਤ ਚੱਲ ਰਹੀ ਸੀ , ਜਿਸ ਵਿਚੋਂ ਇਕ ਸਾਬਕਾ ਮੰਤਰੀ ਅਤੇ ਮੌਜੂਦਾ ਚੇਅਰਮੈਨ ਪਲੈਨਿੰਗ ਬੋਰਡ ਫ਼ਾਜ਼ਿਲਕਾ ਹੰਸ ਰਾਜ ਜੋਸਨ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਤੈਅ ਹੋ ਗਿਆ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਚੋਣ ਜਿੱਤਦੇ ਰਹੇ ਹੰਸ ਰਾਜ ਜੋਸਨ ਮੌਜੂਦਾ ਚੇਅਰਮੈਨ ਪਲੈਨਿੰਗ ਬੋਰਡ ਫ਼ਾਜ਼ਿਲਕਾ ਵੀ ਹਨ ।
ਇਸ ਤੋਂ ਪਹਿਲਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੀਟਿੰਗ ਮੌਕੇ ਹੀ ਹੰਸ ਰਾਜ ਜੋਸਨ ਨੂੰ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਤੋਂ ਅਕਾਲੀ ਦਲ ਉਮੀਦਵਾਰ ਐਲਾਨੇ ਜਾਣ ਦੀ ਗੱਲ ਹੋਈ ਸੀ ।
ਇਸ ਦੌਰਾਨ ਜੋਸਣ ਸਮਰਥਕਾਂ ਨੇ ਕਿਹਾ ਕਿ ਉਹ ਆਪਣੇ ਹਮਾਇਤੀਆਂ ਦੇ ਭਰਵੇਂ ਇਕੱਠ ਵਿੱਚ ਹੀ ਅਕਾਲੀ ਦਲ ਦਾ ਪੱਲਾ ਫੜਨਗੇ ।
ਤੈਅ ਹੋਏ ਪ੍ਰੋਗਰਾਮ ਅਨੁਸਾਰ 14 ਅਪਰੈਲ 2021 ਨੂੰ ਹੰਸ ਰਾਜ ਜੋਸਨ ਦੇ ਜੱਦੀ ਪਿੰਡ ਚੱਕ ਸੋਤਰੀਆ ( ਬੰਦੀਵਾਲਾ ) ਵਿਖੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਪੁੱਜਣਗੇ ।
ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਇੱਥੇ ਹੋਣ ਵਾਲੇ ਭਰਵੇਂ ਇਕੱਠ ਵਿੱਚ ਹੰਸ ਰਾਜ ਜੋਸਨ ਨੂੰ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਅਕਾਲੀ ਦਲ ਉਮੀਦਵਾਰ ਐਲਾਨ ਦਿੱਤਾ ਜਾਵੇਗਾ ।