ਅਸ਼ੋਕ ਵਰਮਾ
- ਹੁਣ ਵਿਭਾਗੀ ਮੰਤਰੀ ਦੇ ਘਰ ਅੱਗੇ ਮੋਰਚੇ ਦਾ ਵੀ ਐਲਾਨ
ਸੰਗਰੂਰ,10 ਅਪਰੈਲ2021:ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਸੰਗਰੂਰ ਅੱਗੇ ਚੱਲ ਰਹੇ ਪੱਕੇ ਮੋਰਚੇ ਦਾ 25ਵੇਂ ਦਿਨ ਆਪਣੇ ਸੰਘਰਸ਼ ਦਾ ਦਾਇਰਾ ਮਹਿਕਮੇ ਦੀ ਮੰਤਰੀ ਦੇ ਬੂਹੇ ਅੱਗੇ ਲਿਜਾਣ ਦਾ ਐਲਾਨ ਕੀਤਾ ਹੈ। ਅੱਜ ਦੇ ਧਰਨੇ ਦੀ ਅਗਵਾਈ ਜੱਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਭਿੰਦਰ ਕੌਰ ਡੇਹਲੋਂ ਅਤੇ ਸੂਬਾਈ ਸਕੱਤਰ ਸੁਰਜੀਤ ਕੌਰ ਸਰਬਜੀਤ ਕੌਰ ਨੇ ਕੀਤੀ ਜਦੋਂਕਿ ਇਲਾਵਾ ਬਲਾਕ ਡੇਹਲੋਂ ਦੀਆਂ ਸਰਕਲ ਆਗੂ ਹਰਜਿੰਦਰ ਕੌਰ, ਪਰਮਜੀਤ ਕੌਰ, ਨੂਰ ਖਾਂ ਵੀ ਸ਼ਾਮਲ ਹੋਈਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਈ.ਸੀ ਡੀ ਐਸ ਸਕੀਮ ਦੀਆਂ ਮੁਸ਼ਕਲਾਂ ਦਾ ਸਬੰਧ ਸਿੱਖਿਆ ਮੰਤਰੀ ਅਤੇ ਵਿਭਾਗੀ ਮੰਤਰੀ ਦੋਵਾਂ ਨਾਲ ਹੈ ਇਸ ਲਈ 14 ਅਪ੍ਰੈਲ ਨੂੰ ਅੰਬੇਦਕਰ ਜਯੰਤੀ ਨੂੰ ਅਧਿਕਾਰ ਦਿਵਸ ਰੂਪ ਵਿੱਚ ਮਨਾਉਦਿਆਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਘਰ ਸਾਹਮਣੇ ਵੀ ਮੰਗਾਂ ਦੇ ਹੱਲ ਤੱਕ ਲਗਾਤਾਰ ਧਰਨਾ ਦਿੱਤਾ ਜਾਵੇਗਾ ।
ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਨਿੱਤ ਨਵੀਆਂ ਨੀਤੀਆਂ ਸੰਗਠਿਤ ਬਾਲ ਵਿਕਾਸ ਸਕੀਮ ਨੂੰ ਖੋਰਾ ਲਾਉਂਦੀਆਂ ਹਨ ਜਿੰਨ੍ਹਾਂ ਕਾਰਨ ਪੰਜਾਬ ਦੀਆਂ 55212 ਵਰਕਰਾਂ ਹੈਲਪਰਾਂ ਦਾ ਰੋਜ਼ਗਾਰ ਅਤੇ 10 ਲੱਖ ਦੇ ਕਰੀਬ ਲਾਭਪਾਤਰੀਆਂ ਦੇ ਭਵਿੱਖ ਨੂੰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਉਹ ਪਿਛੇ 25 ਦਿਨਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਬੈਠੀਆਂ ਹਨ ਪਰ ਸਰਕਾਰ ਦੇ ਕੰਨਾਂ ਉਤੇ ਜੂੰ ਵੀ ਨਹੀਂ ਸਰਕੀ ਜਿਸ ਕਾਰਨ ਵਰਕਰਾਂ ਹੈਲਪਰਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪ੍ਰੀ ਪ੍ਰਾਇਮਰੀ ਕਲਾਸਾਂ ’ਚ ਦਾਖਲ ਬੱਚਿਆਂ ਨੂੰ ਆਂਗਣਵਾੜੀ ਕੇਦਰਾਂ ’ਚ ਵਾਪਿਸ ਭੇਜਣ ਦੀ ਮੰਗ ਸਮੇਤ ਵੱਖ ਵੱਖ ਮੰਗਾਂ ਮੰਨਣ ਦੀ ਮੰਗ ਕਰਦਿਆਂ ਆਂਗਣਵਾੜੀ ਮੁਲਾਜਮ ਆਗੂਆਂ ਨੇ ਆਖਿਆ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰਹੇਗਾ।