ਅੰਮ੍ਰਿਤਸਰ, 10 ਅਪ੍ਰੈਲ 2021 - ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਦੇ ਮਾਮਲੇ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਰੱਦ ਕੀਤੇ ਜਾਣ ਉੱਤੇ ਸਖ਼ਤ ਸ਼ਬਦਾਂ ਚ ਟਿੱਪਣੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤੀ ਨਿਜ਼ਾਮ ਬਾਦਲਾਂ ਨੂੰ ਹਰ ਹੀਲੇ ਬਚਾਉਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਭਾਰਤੀ ਸਟੇਟ ਸਿਸਟਮ ਦਾ ਸਿੱਧਾ ਫਾਰਮੂਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਤੇ ਸਿੱਖਾਂ ਉੱਤੇ ਜੁਲਮ ਕਰਨ ਵਾਲੇ ਪੁਲਸੀਆਂ ਨੂੰ ਕੱਖ ਨਹੀਂ ਹੋਣ ਦੇਣਾ, ਸਿੱਖਾਂ ਨੇ ਜਿਹੜਾ ਜੋਰ ਲਾਉਣਾ, ਲਾ ਲੈਣ। ਉਹਨਾਂ ਕਿਹਾ ਕਿ ਨੀਤੀ ਇਹ ਹੈ ਕਿ ਸਿੱਖਾਂ ਦੀ ਅਣਖ ਵੰਗਾਰਨੀ ਹੈ ਕਿ ਬੇਅਦਬੀਆਂ ਕਰਨ ਵਾਲਿਆਂ ਦਾ ਤੁਸੀਂ ਕੀ ਵਿਗਾੜ ਲਿਆ ?
ਉਹਨਾਂ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਬਾਦਲਕਿਆਂ ਨੂੰ ਹੈ ਕਿ ਚਾਹੇ ਜੋ ਮਰਜੀ ਹੋਇਆ ਪਰ ਜਿਨ੍ਹਾਂ ਮਗਰ ਅਸੀਂ ਸੀ ਉਹ ਸੁਰੱਖਿਅਤ ਨੇ। ਨਾ ਡੇਰੇ ਵਾਲਿਆਂ ਦਾ ਕੁਝ ਵਿਗੜਿਆ ਤੇ ਨਾ ਪੁਲੀਸ ਵਾਲਿਆਂ ਦਾ ਤੇ ਨਾ ਹੀ ਸਾਡਾ। ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਜਦ ਸਿੱਖ ਦੋਸ਼ੀਆਂ ਨੂੰ ਸਜਾ ਨਾ ਹੋਣ ਉਤੇ ਕਲਪਦੇ ਨੇ ਤਾਂ ਜਿਹੜੇ ਭਾਰਤੀਆਂ ਨੂੰ ਸਕੂਨ ਜਿਹਾ ਮਹਿਸੂਸ ਹੁੰਦਾ ਹੈ ਉਹ ਸਿਸਟਮ ਦੇ ਇਸ ਫਾਰਮੂਲੇ ਤੋਂ ਪੂਰੇ ਨਿਹਾਲ ਨੇ ਕਿ ਸਿੱਖਾਂ ਦੀ ਇਸ਼ਟ ਦੇ ਮਾਮਲੇ ਵਿੱਚ ਵੀ ਸੁਣਵਾਈ ਨਹੀਂ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਪੰਜਾਬ ਦੇ ਡੀ ਜੀ ਪੀ ਨੇ ਕਿਹਾ ਸੀ ਕਿ ਬਰਗਾੜੀ ਵਾਲੀ ਬੇਅਦਬੀ ਤੋਂ ਬਾਅਦ ਜਿੰਨੇ ਵੀ ਸਿੱਖ ਨੌਜਵਾਨਾਂ ਹਥਿਆਰਬੰਦ ਕਾਰਵਾਈਆਂ ਕਾਰਨ ਫੜੇ ਗਏ ਨੇ ਉਨ੍ਹਾਂ ਨੇ ਇਕਬਾਲ ਕੀਤਾ ਕਿ ਜਦ ਸਾਨੂੰ ਯਕੀਨ ਹੋ ਗਿਆ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਨਹੀਂ ਹੋਣੀਆਂ ਤਾਂ ਨਿਰਾਸ਼ਾ ਵਿੱਚੋਂ ਇਹੋ ਫੈਸਲਾ ਕੀਤਾ ਕਿ ਖੁਦ ਹੀ ਇਨਸਾਫ ਕੀਤਾ ਜਾਵੇ। ਮਤਲਬ ਸਟੇਟ ਸਿਸਟਮ ਨੇ ਪੂਰੀ ਨੀਤੀ ਬਣਾ ਕੇ ਪੱਤੇ ਖੇਡੇ ਜਾ ਰਹੇ ਨੇ ਕਿ ਸਿੱਖਾਂ ਨੂੰ ਹਥਿਆਰਾਂ ਵਾਲੇ ਰਾਹ ਤੋਰ ਕੇ ਨਵੀਂ ਪੀੜ੍ਹੀ ਦੀ ਨਸਲਕੁਸ਼ੀ ਕੀਤੀ ਜਾਵੇ। ਇਸ ਨੀਤੀ ਦੇ ਹੱਕ ਵਿੱਚ ਉਹ ਸਾਰੇ ਹੀ ਨੇ ਜਿਹੜੇ ਦੋਸ਼ੀਆਂ ਨੂੰ ਹਰ ਹੀਲੇ ਬਚਾਉਣਾ ਚਾਹੁੰਦੇ ਨੇ। ਉਹਨਾਂ ਮੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਤਿਆਰ ਰਿਪੋਰਟ ਅਨੁਸਾਰ ਹੀ ਦੋਸ਼ੀਆਂ ਉੱਤੇ ਕਾਰਵਾਈ ਕੀਤੀ ਜਾਵੇ।