- ਨੁੱਕੜ ਨਾਟਕ ਖੇਡੇ ਅਤੇ ਪੈਫਲਿੱਟ ਵੀ ਵੰਡੇ
ਪਟਿਆਲਾ 6 ਮਾਰਚ 2021 - ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਭਰ ‘ਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੀ ਪ੍ਰਿੰ. ਸੁਦੇਸ਼ ਕੁਮਾਰੀ ਦੀ ਅਗਵਾਈ ‘ਚ ਸਮੁੱਚੇ ਸਟਾਫ ਵੱਲੋਂ ਇਲਾਕੇ ਦੇ ਪਿੰਡਾਂ ‘ਚ ਵੱਖ-ਵੱਖ ਸਰਗਰਮੀਆਂ ਰਾਹੀਂ ਦਾਖਲਾ ਮੁਹਿੰਮ ਤੇਜ਼ ਕਰ ਦਿੱਤੀ ਹੈ। ਸਕੂਲ ਦੇ ਸਟਾਫ ਵੱਲੋਂ ਡਕਾਲਾ, ਮਰਦਾਹੇੜੀ, ਝੰਡੀ, ਬਠੋਈ ਕਲਾਂ, ਕੱਲਰਭੈਣੀ, ਬਠੋਈ ਖੁਰਦ, ਤਰੈ ਤੇ ਦੁੱਧੜ ਆਦਿ ਪਿੰਡਾਂ ਦੇ ਮਾਪਿਆਂ ਨਾਲ ਵੱਖ-ਵੱਖ ਸਾਧਨਾਂ ਰਾਹੀਂ ਸੰਪਰਕ ਬਣਾਇਆ ਜਾ ਚੁੱਕਿਆ ਹੈ। ਪ੍ਰਿੰ. ਸੁਦੇਸ਼ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਨਾਟਕਾਂ, ਪੋਸਟਰਾਂ, ਫਲੈਕਸਾਂ ਤੇ ਰੈਲੀਆਂ ਰਾਹੀਂ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡਕਾਲਾ ਸਕੂਲ ‘ਚ ਇਸ ਸਮੇਂ ਵਿੱਦਿਅਕ ਗਤੀਵਿਧੀਆਂ ਲਈ ਹਰ ਤਰ੍ਹਾਂ ਦੀਆਂ ਆਧਨਿਕ ਸਹੂਲਤਾਂ ਉਪਲਬਧ ਹਨ। ਜਿਸ ਦਾ ਮਾਪਿਆਂ ਨੂੰ ਜਰੂਰ ਲਾਭ ਉਠਾਉਣਾ ਚਾਹੀਦਾ ਹੈ। ਅਧਿਆਪਕ ਦਲਬੀਰ ਸਿੰਘ, ਪੂਨਮ ਰਾਣੀ ਤੇ ਤਰਸੇਮ ਸਿੰਘ ਹੋਰਾਂ ਵੱਲੋਂ ਵਿਦਿਆਰਥੀ ਰਮਨਪ੍ਰੀਤ ਸਿੰਘ ਤੇ ਲਵਪ੍ਰੀਤ ਕੌਰ ਨਾਲ ਮਿਲਕੇ, ਵੱਖ-ਵੱਖ ਨੁੱਕੜ ਕੀਤੇ ਜਾ ਰਹੇ ਹਨ ਅਤੇ ਇਸੇ ਟੀਮ ਵੱਲੋਂ ਸੋਸ਼ਲ ਮੀਡੀਆ ਜਰੀਏ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਦਰਸਾਉਣ ਵਾਲੀਆਂ ਲਘੂ ਫਿਲਮਾਂ ਵੀ ਮਾਪਿਆਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ।
ਅੱਜ ਡਕਾਲਾ ‘ਚ ਕੀਤੀ ਗਈ ਦਾਖਲਾ ਰੈਲੀ ਦੌਰਾਨ ਜਿੱਥੇ ਸਕੂਲ ਦੇ ਅਧਿਆਪਕਾਂ ਨੇ ਨੁੱਕੜ ਨਾਟਕ ਖੇਡੇ ਉੱਥੇ ਮਾਨਵ ਮੰਚ ਪਟਿਆਲਾ ਦੀ ਟੀਮ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ‘ਤੀਹਰੀ ਖੁਸ਼ੀ’ ਰਾਹੀਂ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਟੀਮ ‘ਚ ਤਨੂਜਾ, ਸ਼ਰਨਦੀਪ ਚੀਮਾਂ, ਕਿਰਨ ਤੇ ਸ਼ਰਨਜੀਤ ਸਿੰਘ ਸੰਧੂ ਸ਼ਾਮਲ ਸਨ। ਇਸ ਰੈਲੀ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਜਸਵੀਰ ਕੌਰ, ਹਰਮਿੰਦਰ ਸਿੰਘ ਤੇ ਜਗਤਾਰ ਸਿੰਘ ਵੀ ਸ਼ਾਮਲ ਹੋਏ। ਮਾਰਕੀਟ ਕਮੇਟੀ ਦੇ ਚੇਅਰਮੈਨ ਮਦਨਜੀਤ ਨੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲ ‘ਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਮਾ. ਨਰਿੰਦਰ ਸਿੰਘ, ਦੀਪਕ ਕੁਮਾਰ, ਤਲਵਿੰਦਰ ਸਿੰਘ, ਮਾਨਵਜੀਤ ਸਿੰਘ, ਨੀਨਾ ਕੁਮਾਰੀ, ਸਵਿਤਾ ਸ਼ਰਮਾ, ਨਵਨੀਤ ਕੌਰ ਤੇ ਹਰਜੀਤ ਕੌਰ ਵੀ ਹਾਜ਼ਰ ਸਨ।