ਬਲਵਿੰਦਰ ਸਿੰਘ ਧਾਲੀਵਾਲ
- ਵਿਸ਼ੇਸ਼ ਪੁਲਿਸ ਟੀਮ ਨੇ ਕਠੂਆ ਤੋਂ ਕੀਤਾ ਗ੍ਰਿਫਤਾਰ - ਅਨੇਕਾਂ ਵਾਰਦਾਤਾਂ ਵਿਚ ਸ਼ਮੂਲੀਅਤ ਮੰਨੀ
- ਸਬਜ਼ੀਆਂ, ਫਲਾਂ ਤੇ ਪਸ਼ੂਆਂ ਨਾਲ ਲੱਦੀਆਂ ਗੱਡੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ
ਸੁਲਤਾਨਪੁਰ ਲੋਧੀ, 27 ਮਾਰਚ 2021 - ਕਪੂਰਥਲਾ ਪੁਲਿਸ ਵਲੋਂ ਇਕ ਅਹਿਮ ਸਫਲਤਾ ਤਹਿਤ ਕੌਮੀ ਹਾਈਵੇ ਉੱਪਰ ਲੁੱਟ ਖੋਹ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਐਸ.ਐਸ.ਪੀ. ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੂੰ ਵਿਸ਼ੇਸ਼ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੁਲਿਸ ਕਪਤਾਨ, ਤਫਤੀਸ ਕਪੂਰਥਲਾ ਤੇ ਸੰਦੀਪ ਸਿੰਘ ਮੰਡ,ਉਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਥ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਅਮਨਦੀਪ ਨਾਹਰ, ਇੰਚਾਰਜ ਸੀ.ਆਈ.ਏ ਕਪੂਰਥਲਾ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ।
ਇਸ ਗਿਰੋਹ ਨੇ ਮਿਤੀ 19 ਮਾਰਚ ਅਤੇ 21 ਮਾਰਚ ਨੂੰ ਅੰਮਿ੍ਤਸਰ-ਦਿੱਲੀ ਨੈਸ਼ਨਲ ਹਾਈਵੇ, ਥਾਣਾ ਸੁਭਾਨਪੁਰ ਦੇ ਖੇਤਰ ਵਿੱਚੋਂ ਹਥਿਆਰਾਂ ਦੀ ਨੋਕ ’ਤੇ ਲਸਣ ਅਤੇ ਮੱਛੀ ਨਾਲ ਲੱਦੀਆਂ ਵੱਡੀਆਂ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ 18 ਮਾਰਚ ਨੂੰ ਓਮ ਪ੍ਰਕਾਸ਼ ਪੁੱਤਰ ਨਾਰੰਗ ਲਾਲ ਵਾਸੀ ਤੇਲੂ ਸਿੰਘ ਕਾਲੋਨੀ ਗਰੌਂਡਾ , ਥਾਣਾ ਗਰੌਂਡਾ, ਜਿਲ੍ਹਾ ਕਰਨਾਲ ਆਪਣੇ ਤਾਏ ਵਿਕਰਮ ਸਿੰਘ ਨਾਲ ਆਪਣੀ ਗੱਡੀ ਐਚ.ਆਰ. 45 -ਸੀ. 8481 ( ਛੋਟਾ ਹਾਥੀ) ਰਾਹੀਂ ਕਰਨਾਨ ਮੰਡੀ ਵਿੱਚੋਂ 91 ਬੋਰੇ ਲਸਣ ਲੈ ਕੇ ਰਾਜ ਟਰੇਡਿੰਗ ਕੰਪਨੀ ਅੰਮਿ੍ਤਸਰ ਛੱਡਣ ਆ ਰਿਹਾ ਸੀ ਤਾਂ ਹਮੀਰਾ ਫੈਕਟਰੀ ਦੇ ਨੇੜੇ ਇੱਕ ਮਹਿੰਦਰਾ ਪਿੱਕਅਪ ਬਿਨਾਂ ਨੰਬਰੀ ਆਈ ਅਤੇ ਉਹਨਾਂ ਦੀ ਗੱਡੀ ਦੇ ਅੱਗੇ ਲਗਾ ਦਿੱਤੀ। ਇਸ ਗੱਡੀ ਵਿਚੋਂ 4 ਲੜਕੇ ਉੱਤਰੇ ਜਿਹਨਾਂ ਪਾਸ ਝੰਡੇ ਅਤੇ ਇੱਕ ਪਾਸ ਬੰਦੂਕ ਸੀ, ਜੋ ਉਹਨਾਂ ਦੀ ਕੁੱਟਮਾਰ ਕਰਕੇ ਅਤੇ ਗੋਲੀ ਮਾਰਨ ਦਾ ਡਰਾਵਾ ਦੇ ਕੇ ਉਸਦੇ ਤਾਏ ਨੂੰ ਵੱਡੀ ਵਿੱਚ ਬਿਠਾ ਕੇ ਛੋਟੇ ਹਾਥੀ ਨੂੰ ਨੂਰਪੁਰ ਲੁਬਾਣਾ ਸਾਈਡ ਨੂੰ ਲੈ ਗਏ ਅਤੇ ਉਹਨਾਂ ਨੂੰ ਇੱਕ ਟਿਊਬਵੈੱਲ ਵਾਲੇ ਕਮਰੇ ਵਿਚ ਬੰਦ ਕਰਕੇ ਲਸਣ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ 47 ਮਿਤੀ 20 ਮਾਰਚ ਨੂੰ ਥਾਣਾ ਸੁਭਾਨਪੁਰ ਵਿਖੇ ਦਰਜ ਕੀਤਾ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਕਪੂਰਥਲਾ ਵੱਲੋਂ ਵਿਸ਼ਾਲਜੀਤ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ ਦੀ ਨਿਗਰਾਨੀ ਹੇਠ ਸੰਦੀਪ
ਸਿੰਘ ਮੰਡ, ਉਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਬ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸੁਭਾਨਪੁਰ ਅਤੇ ਇੰਚਾਰਜ ਸੀ.ਆਈ.ਏ ਕਪੂਰਥਲਾ ਨੂੰ ਇਸ ਵਾਰਦਾਤ ਨੂੰ ਹੱਲ ਕਰਨ ਦੀ ਜਿੰਮੇਵਾਰੀ ਸੌਂਪੀ।
ਤਫਦੀਸ਼ ਦੌਰਾਨ ਸੁਰਾਗ ਮਿਲਣ ’ਤੇ ਦੋਸ਼ੀਆਂ ਲਿਆਕਤ ਅਲੀ ਪੁੱਤਰ ਮੁਹੰਮਦ ਇਸਰਾਇਲ ਵਾਸੀ ਨਗਰੀ ਥਾਣਾ ਕਠੂਆ , ਜਿਲ੍ਹਾ ਕਠੂਆ, ਜੰਮੂ , ਮੁਦੱਸਰ ਪੁੱਤਰ ਮੁਹੰਮਦ ਸਵੀ ਵਾਸੀ ਮਾਈਚੱਕ ਥਾਣਾ ਕਠੂਆ ਜਿਲਾ ਕਠੂਆ, ਜੰਮੂ, ਲਿਆਕਤ ਅਲੀ ਪੁੱਤਰ ਮੁਹੰਮਦ ਸਫੀ ਵਾਸੀ ਮਾਈਚੱਕ ਬਾਣਾ ਕਠੂਆ, ਜਿਲਾ ਕਠੂਆ, ਜੰਮੂ ਅਤੇ ਸੱਤਾ ਮਸੀਹ ਪੁੱਤਰ ਕਰਤਾਰ ਮਸੀਹ ਵਾਲੀ ਲੋਹਗੜ੍ਹ, ਦੀਨਾਨਗਰ ਗੁਰਦਾਸਪੁਰ ਨੂੰ ਕਠੂਆ ਜੰਮੂ ਤੋਂ ਗਿ੍ਰਫਤਾਰ ਕੀਤਾ ਗਿਆ।
ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਲਿਆਕਤ ਅਲੀ ਇਹਨਾਂ ਦਾ ਗੈਂਗ ਲੀਡਰ ਸੀ ਜੋ ਮੁਕੱਦਮਾ ਨੰਬਰ 183/17 ਅ/ਧ 22 ਐਨ.ਡੀ.ਪੀ.ਐਸ. ਐਕਟ ਤਹਿਤ ਸਦਰ ਫਗਵਾੜਾ ਵਿੱਚ ਭਗੌੜਾ ਚੱਲਿਆ ਆ ਰਿਹਾ ਸੀ। ਇਹ ਸਬਜ਼ੀਆਂ, ਫਲ-ਫਰੂਟ , ਪਸ਼ੂਆਂ ਨਾਲ ਲੱਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਲੁੱਟ ਦੀਆਂ ਵਸਤਾਂ ਨੂੰ ਇਹਨਾਂ ਲੋਕਲ ਮੰਡੀਆਂ ਵਿੱਚ ਵੇਚ ਦਿੰਦੇ ਸਨ।
ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ 91 ਬੋਰੀਆਂ ਲਸਣ ਵਿੱਚੋਂ 81 ਬੋਰੇ ਲਸਣ 78 ਹਜ਼ਾਰ ਰੁਪੈ ਵਿਚ ਲੋਕਲ ਮਾਰਕੀਟ ਵਿੱਚ ਵੇਚ ਦਿੱਤੇ ਸਨ। ਪੁੱਛ-ਗਿੱਛ ਦੌਰਾਨ ਉਨ੍ਹਾਂ ਅਨੇਕਾਂ ਵਾਰਦਾਤਾਂ ਵਿਚ ਹੱਥ ਹੋਣਾ ਮੰਨਿਆ ਹੈ। ਪੁੱਛ-ਗਿੱਛ ਦੌਰਾਨ ਇਸ ਗਿਰੋਹ ਕੋਲੋਂ 2 ਛੋਟੇ ਹਾਥੀ, ਅਸ਼ੋਕਾ ਲੈਲੇਂਡ ਗੱਡੀ ਨੰਬਰ ਐਚ.ਆਰ. ,ਮਹਿੰਦਰਾ ਪਿਕਅਪ ,ਇਕ ਆਲਟੋ ਗੱਡੀ ,10 ਬੋਰੇ ਲਸਣ ਅਤੇ 78,000/-ਰੁਪਏ ਭਾਰਤੀ ਕਰੰਸੀ ਤੇ 8 ਪੇਟੀਆਂ ਮੱਛੀ ਬਰਾਮਦ ਕੀਤੀ ਗਈ ਹੈ।