ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 08 ਮਾਰਚ 2021:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਖੁੱਲੇ ਗੱਫੇ ਦਿੱਤੇ ਗਏ ਹਨ ਜਿਸ ਨਾਲ ਇਸ ਇਲਾਕੇ ਵਿਚ ਵਿਕਾਸ ਦੀ ਰਫਤਾਰ ਵਿਚ ਹੋਰ ਤੇਜੀ ਨਾਲ ਅੱਗੇ ਵਧੇਗੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਅੱਜ ਪੇਸ਼ ਕੀਤੇ ਗਏ ਬਜਟ ਵਿਚ ਪਹਿਲਾ ਚੰਗਰ ਦੀ ਲਿਫਟਇਰੀਗੇਸ਼ਨ ਸਕੀਮ ਲਈ 15 ਕਰੋੜ ਰੁਪਏ ਰੱਖੇ ਗਏ ਹਨ। ਹਲਕੇ ਵਿਚ 6 ਪੁਲਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸ੍ਰੀ ਅਨੰਦਪੁਰ ਸਾਹਿਬ ਸਬ ਡਵੀਜ਼ਨ ਦੇ 67 ਪਿੰਡਾਂ ਲਈ 41 ਕਰੋੜ ਰੁਪਏ ਅਤੇ ਦਰਿਆਂ ਸਤਲੁਜ, ਸਵੈਨ ਨਹਿਰੀ ਹੜ੍ਹ ਪ੍ਰਬੰਧਨ ਲਈ ਹਲਕੇ ਵਿਚ ਕੀਤੇ ਜਾਣ ਵਾਲੇ ਕਾਰਜਾਂ ਲਈ ਕਰੋੜਾ ਰੁਪਏ ਦੀ ਰਾਸ਼ੀ ਐਲਾਨੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋ ਇਲਾਵਾ ਰੂਪਨਗਰ ਜਿਲ੍ਹਾ ਹੈਡਕੁਆਟਰ ਤੇ ਬਣਨ ਵਾਲੇ ਬੱਸ ਸਟੈਂਡ ਦੀ ਉਸਾਰੀ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਇਸ ਬਜਟ ਵਿਚ ਬੱਸ ਸਟੈਂਡ ਦੇ ਨਿਰਮਾਣ ਲਈ ਵੀ ਫੰਡ ਉਪਲੱਬਧ ਕਰਵਾਏ ਗਏ ਹਨ। ਇਸ ਤੋ ਇਲਾਵਾ ਵਿੱਤ ਮੰਤਰੀ ਦੁਆਰਾ ਪੰਜਾਬ ਦੇ ਕੰਢੀ ਏਰੀਏ ਦੇ ਵਿਕਾਸ ਲਈ ਐਲਾਨੇ ਗਏ 100 ਕਰੋੜ ਰੁਪਏ ਅਤੇ ਕੰਢੀ ਏਰੀਏ ਦੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦੀ ਮੁਰੰਮਤ ਲਈ ਐਲਾਨੇ ਗਏ 40 ਕਰੋੜ ਰੁਪਏ ਵਿਚੋ ਵੀ ਇਸ ਖੇਤਰ ਦੇ ਕੰਢੀ ਏਰੀਏ ਦੇ ਪਿੰਡਾਂ ਨੂੰ ਕਾਫੀ ਫਾਇਦਾ ਮਿਲੇਗਾ।ਰਾਣਾ ਕੇ.ਪੀ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਦਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵਿਕਾਸ ਲਈ ਵੱਡੇ ਗੱਫੇ ਦੇਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜੀ ਪਕੜੇਗੀ ਅਤੇ ਜਲਦ ਹੀ ਇਹ ਵਿਕਾਸ ਕਾਰਜ ਮੁਕੰਮਲ ਕਰਕੇ ਲੋਕ ਅਰਪਣ ਕਰ ਦਿੱਤੇ ਜਾਣਗੇ।
ਬਜਟ ਵਿਚ ਸ੍ਰੀ ਅਨੰਦਪੁਰ ਸਾਹਿਬ ਨੂੰ ਰਾਣਾ ਕੇ.ਪੀ ਸਿੰਘ ਦੀ ਰਹਿਨੁਮਾਈ ਵਿਚ ਮਿਲੇ ਵੱਡੇ ਗੱਫਿਆਂ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦ ਦਸਗਰਾਈ, ਜਿਲ੍ਹਾ ਪ੍ਰੀਸ਼ਦ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਬਲਾਕ ਕਾਂਗਰਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਅਤੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਬਜਟ ਵਿਚ ਹੋਏ ਇਨ੍ਹਾਂ ਐਲਾਨਾ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਸਪੀਕਰ ਰਾਣਾ ਕੇ.ਪੀ ਸਿੰਘ ਦੀ ਅਗਵਾਈ ਵਿਚ ਪਹਿਲਾ ਤੋ ਚੱਲ ਰਹੀ ਰਫਤਾਰ ਨੂੰ ਹੋਰ ਗਤੀ ਮਿਲੇਗੀ।