ਗੋਰਾਇਆ ਵਿਚ ਪਿਤਾ ਨੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਪਹਿਲਾਂ ਬਣਾਇਆ ਸੀ ਵੀਡੀਓ, ਪੜ੍ਹੋ ਕੀ ਸੀ ਮਾਮਲਾ
ਫਗਵਾੜਾ, 7 ਮਾਰਚ, 2021 : - ਗੋਰਾਇਆ ਦੇ ਪਿੰਡ ਚੀਮਾ ਖੁਰਦ ਵਿੱਚ ਇੱਕ ਟੈਕਸੀ ਚਾਲਕ ਕੇਹਰ ਸਿੰਘ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੇਹਰ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਹੀ ਫੋਨ ਤੋਂ ਇਕ ਵੀਡੀਓ ਬਣਾਈ ਸੀ, ਜਿਸ ਵਿਚ ਉਹ ਆਪਣੀ ਪਤਨੀ ਰਿੰਪੀ ਉਰਫ ਮੋਨਾ, ਸੱਸ ਉਸ਼ਾ ਰਾਣੀ, ਸਹੁਰਾ ਸੁਰਿੰਦਰ ਪਾਲ,ਸਾਲਾ ਲਾਲ ਚੰਦ ਉਰਫ ਲਾਲੀ, ਰਾਕੇਸ਼ ਕੁਮਾਰ ਰਿੰਕੂ, ਅਜੈ ਕੁਮਾਰ ਉਰਫ ਰਵੀ, ਭੂਆ ਗੁਰਮੀਤੋ ਉਰਫ ਗੁੱਡੀ ਵਾਸੀ ਗੰਦਵਾ ਥਾਣਾ ਫਗਵਾੜਾ, ਸੁਖਦੇਵ ਰਾਮ ਉਰਫ ਸੁੱਖਾ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ । ਪੁਲਿਸ ਨੇ ਛਾਪੇਮਾਰੀ ਵਿੱਚ ਮ੍ਰਿਤਕ ਦੀ ਪਤਨੀ, ਸੱਸ, ਸਹੁਰਾ ਅਤੇ ਇੱਕ ਸੁਖਦੇਵ ਰਾਮ ਉਰਫ ਸੁੱਖਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਾਕੀ ਚਾਰ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਬਾਕੀ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ। ਇਸੇ ਦੌਰਾਨ ਸ਼ਨੀਵਾਰ ਨੂੰ ਪਿੰਡ ਚੀਮਾ ਵਿੱਚ ਕੇਹਰ ਸਿੰਘ ਅਤੇ ਉਸ ਦੇ ਦੋ ਬੱਚਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਆਪਣੀ ਪਤਨੀ ਤੋਂ ਪਰੇਸ਼ਾਨ ਹੋਣ ਤੋਂ ਬਾਅਦ ਕੇਹਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਆਪਣੀ 11 ਸਾਲ ਦੀ ਬੇਟੀ ਪ੍ਰਭਜੋਤ ਅਤੇ ਨੌ ਸਾਲ ਦੇ ਬੇਟੇ ਏਕਮ ਨੂੰ ਜ਼ਹਿਰ ਦੇ ਕੇ ਆਪਣੇ ਆਪ ਜ਼ਹਿਰ ਨਿਗਲ ਲਿਆ। ਤਿੰਨਾਂ ਨੂੰ ਗੁਰਾਇਆ ਨੇੜੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਉਹਨਾਂ ਦੀ ਮੌਤ ਹੋ ਗਈ ਥਾਣਾ ਗੋਰਾਇਆ ਦੀ ਪੁਲਿਸ ਨੇ ਮ੍ਰਿਤਕ ਕੇਹਰ ਸਿੰਘ ਦੀ ਭੈਣ ਰਾਜਕੁਮਾਰੀ ਦੇ ਬਿਆਨਾਂ 'ਤੇ ਰਿੰਪੀ ਉਰਫ ਮੋਨਾ ਦੇ ਖ਼ਿਲਾਫ਼ ਆਤਮ ਹੱਤਿਆ ਦਾ ਕੇਸ ਦਰਜ ਕੀਤਾ ਹੈ। ਚੀਮਾ ਖੁਰਦ ਨਿਵਾਸੀ ਕੇਹਰ ਸਿੰਘ ਦਾ ਵਿਆਹ ਰਿੰਪੀ ਉਰਫ ਮੋਨਾ ਨਾਲ 13 ਸਾਲਾਂ ਤੋਂ ਹੋਇਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਉਸਦੀ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਝਗੜਾ ਏਨਾ ਵੱਧ ਗਿਆ ਸੀ ਕਿ ਤਲਾਕ ਦੀ ਨੌਬਤ ਆ ਗਈ ਸੀ। ਤਕਰੀਬਨ ਇੱਕ ਮਹੀਨਾ ਪਹਿਲਾਂ, ਮੋਨਾ ਆਪਣੇ ਜੱਦੀ ਗੋਰਾਇਆ ਦੇ ਪਿੰਡ ਤਗਾੜਾ ਵਿੱਚ ਰਹਿਣ ਲਈ ਚਲੀ ਗਈ ਸੀ। ਕੇਹਰ ਸਿੰਘ ਧੀ ਪ੍ਰਭਜੋਤ ਅਤੇ ਪੁੱਤਰ ਏਕਮ ਉਹਨਾ ਨਾਲ ਰਹਿ ਰਿਹਾ ਸੀ। ਕੇਹਰ ਸਿੰਘ ਕਈ ਵਾਰੀ ਪਤਨੀ ਲੈਣ ਲਈ ਉਸਦੇ ਸਹੁਰੇ ਗਿਆ, ਪਰ ਉਹ ਵਾਪਸ ਨਹੀਂ ਪਰਤੀ।