ਅਸ਼ੋਕ ਵਰਮਾ
ਮਾਨਸਾ,6ਮਾਰਚ2021: ਕੀਮਤਾਂ ਵਿੱਚ ਹੋਏ ਰਿਕਾਰਡਤੋੜ ਵਾਧੇ ਨੇ ਆਮ ਆਦਮੀ ਤੇ ਮੱਧ ਵਰਗੀ ‘ਤੇ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਜੀਵਨ ਨੂੰ ਸੰਕਟਮਈ ਬਣਾ ਦਿੱਤਾ ਹੈ । ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਵੇਲੇ ਸਰਕਾਰਾਂ ਨੇ ਇੰਨ੍ਹਾਂ ਨੂੰ ਖਪਤਕਾਰ ਪੱਖੀ ਦੱਸਿਆ ਸੀ ਪਰ ਸਥਿਤੀ ਪੂਰੀ ਤਰ੍ਹਾਂ ਉਲਟ ਬਣੀ ਹੋਈ ਹੈ । ਖੁਰਾਕੀ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹਣ ਕਾਰਨ ਆਮ ਆਦਮੀ ਲਈ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨ ਔਖਾ ਹੋ ਰਿਹਾ ਹੈ । ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੇ ਸੱਦੇ ਤੇ ਮਹਿੰਗਾਈ ਤੇ ਕਾਲੇ ਕਾਨੂੰਨਾਂ ਖਿਲਾਫ ਸ਼ਹਿਰੀ ਸਕੱਤਰ ਰਤਨ ਭੋਲਾ ਅਤੇ ਸਬ ਡਵੀਜ਼ਨ ਸਕੱਤਰ ਰੂਪ ਸਿੰਘ ਢਿੱਲੋਂ ਦੀ ਅਗਵਾਈ ਦੇ ਹੇਠ ਕੀਤੇ ਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪੇਸ਼ ਕਰਦਿਆਂ ਇਸ ਲਈ ਮੋਦੀ ਸਰਕਾਰ ਨੂੰ ਕਸੂਰਵਾਰ ਠਹਿਰਾਇਆ।
ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਮਹਿੰਗਾਈ ਤੇ ਬੇਰੁਜ਼ਗਾਰੀ ਅਮਰ ਵੇਲ ਵਾਂਗ ਵਧ ਰਹੀ ਹੈ ਅਤੇ ਕੇਂਦਰ ਸਰਕਾਰ ਬੇਸ਼ਰਮੀ ਨਾਲ ਅੰਬਾਨੀ-ਅਡਾਨੀਆਂ ਨੂੰ ਲਾਭ ਪਹੁੰਚਾਉਣ ਲਈ ਹਰ ਦਿਨ ਪੈਟਰੋਲ, ਡੀਜ਼ਲ, ਗੈਸ ਅਤੇ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਅਤੇ ਗਰੀਬ ਲੋਕਾਂ ਤੇ ਆਰਥਿਕ ਬੋਝ ਪਾ ਰਹੀ ਹੈ। ਉਨ੍ਹਾਂ ਆਖਿਆ ਕਿ ਇਸ ਕਾਰਨ ਦੇਸ਼ ਦੇ ਸਮੁੱਚੇ ਵਰਗਾਂ ਵਿੱਚ ਮੋਦੀ ਸਰਕਾਰ ਖਿਲਾਫ ਗੁੱਸੇ ਅਤੇ ਰੋਸ ਦੀ ਲਹਿਰ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਨੌਜ਼ਵਾਨ, ਦੁਕਾਨਦਾਰ ਅਤੇ ਛੋਟੇ ਵਪਾਰੀ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਲੁੱਟ ਜਾਰੀ ਰੱਖਣ ਲਈ ਇੱਕ ਦੇਸ਼, ਇੱਕ ਟੈਕਸ ਦਾ ਨਾਅਰਾ ਦਿੱਤਾ ਗਿਆ, ਪ੍ਰੰਤੂ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿੱਚੋਂ ਬਾਹਰ ਰੱਖ ਕੇ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੁੱਟ ਦੇ ਰਾਹ ਖੋਲ੍ਹੇ ਹੋਏ ਹਨ।
ਸਾਬਕਾ ਵਿਧਾਇਕ ਅਰਸ਼ੀ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ’ਚ ਸੋਧ ਦੇ ਨਾਂ ਤੇ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨ ਉਹ ਪੂਰੀ ਤਰਾਂ ਮਜ਼ਦੂਰ, ਕਿਸਾਨ ਤੇ ਲੋਕ ਵਿਰੋਧੀ ਹਨ ਜਿੰਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਸਮੇਤ ਸਮੁੱਚੇ ਲੋਕਾਂ ਅੰਦੋਲਨ ਕਰ ਰਹੇ ਹਨ ਜਿਸ ਵਿੱਚ ਸਾਰੇ ਵਰਗਾਂ ਦੀ ਭਰਵੀਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਤੀ ਜੰਤਾ ਪਾਰਟੀ ਨੂੰ ਗੱਦੀ ਤੇ ਬਿਠਾਓ ਸਭਨਾਂ ਦੇ ‘ਅੱਛੇ ਦਿਨ’ ਆਉਣਗੇ ਪਰ ਆਪਣੇ ਰਾਜ ਭਾਗ ਦੌਰਾਨ ਧਨਾਢ ਘਰਾਣਿਆਂ ਨੂੰ ਗੱਫੇ ਅਤੇ ਆਮ ਆਦਮੀ ਨੂੰ ਮਾਰੇ ਜਾ ਰਹੇ ਧੱਫਿਆਂ ਨੇ ਹਰ ਵਰਗ ਦੇ ‘ਬੁਰੇ ਦਿਨ ’ ਲਿਆ ਦਿੱਤੇ ਹਨ।
ਜਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਕਿਹਾ ਕਿ ਆਰ.ਐਸ.ਐਸ. ਅਤੇ ਬੇ.ਜੀ.ਪੀ. ਫੁੱਟ ਪਾਊ ਨੀਤੀ ਤਹਿਤ ਦਲਿਤਾਂ ਅਤੇ ਮਜ਼ਦੂਰਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਅੰਦੋਲਨ ਕੇਵਲ ਕਿਸਾਨਾਂ ਦਾ ਹੈ ਜਦੋਂਕਿ ਇਹ ਲੜਾਈ ਸਮੁੱਚੇ ਵਰਗਾਂ ਦੀ ਹੈ ਕਿਉਂਕਿ ਇਨ੍ਹਾਂ ਕਾਨੂੰਨਾਂ ਦਾ ਅਸਰ ਸਿੱਧੇ ਤੌਰ ਮਜ਼ਦੂਰਾਂ ਅਤੇ ਦਲਿਤਾਂ ਤੇ ਪਵੇਗਾ। ਇਸ ਮੌਕੇ ਪੈਟਰੋਲੀਅਮ ਵਸਤਾਂ ਨੂੰ ਜੀ.ਐਸ.ਟੀ. ਘੇਰੇ ਵਿੱਚ ਲਿਆਉਣ ਅਤੇ ਘਰੇਲੂ ਗੈਸ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ, ਏਟਕ ਆਗੂ ਦਰਸ਼ਨ ਪੰਧੇਰ, ਕਾਕਾ ਸਿੰਘ, ਨਿਰਮਲ ਮਾਨਸਾ, ਰਾਮ ਸਿੰਘ, ਗੁਰਦਾਸ਼ ਸਿੰਘ, ਐਮ.ਆਰ.ਐਫ. ਦੇ ਸੁਭਾਸ਼ ਕੁਮਾਰ, ਇਸਤਰੀ ਸਭਾ ਦੇ ਕਿਰਨਾ ਰਾਣੀ., ਸੰਤੋਸ਼ ਰਾਣੀ, ਹਰਜਿੰਦਰ ਕੌਰ, ਸਟੂਡੈਂਟ ਆਗੂ ਖੁਸ਼ਪਿੰਦਰ ਚੌਹਾਨ, ਸੁਖਦੇਵ ਪੰਧੇਰ, ਸੁਖਦੇਵ ਸਿੰਘ ਉਸਾਰੀ ਯੂਨੀਅਨ, ਹਰਪਾਲ ਬੱਪੀਆਣਾ, ਗੁਰਦਿਆਲ ਦਲੇਲ ਸਿੰਘ ਵਾਲਾ, ਸ਼ਿਵਜੀ ਭੁਪਾਲ, ਕੇਵਲ ਐਮ.ਸੀ. ਭੀਖੀ ਅਤੇ ਹਰਨੇਕ ਮਾਨਸਾ ਖੁਰਦ ਆਦਿ ਆਗੂ ਹਾਜਰ ਸਨ।