ਅਸ਼ੋਕ ਵਰਮਾ
ਬਰਨਾਲਾ, 6 ਮਾਰਚ 2021:ਬਰਨਾਲਾ ਰੇਲਵੇ ਸਟੇਸ਼ਨ ਤੇ ਚੱਲ ਰਹੇ ਧਰਨੇ ਦੌਰਾਨ ਅੱਜ ਕਿਸਾਨਾਂ ਨੇ ਕਾਲੀਆਂ ਪੱਗਾਂ,ਔਰਤਾਂ ਨੇ ਕਾਲੀਆਂ ਚੁੰਨੀਆਂ ਅਤੇ ਕਾਲੇ ਝੰਡਿਆਂ ਨਾਲ ਰੋਸ ਨੂੰ ਹੋਰ ਜਿਆਦਾ ਤਿੱਖਾ ਕਰਕੇ ਕਾਲਾ ਦਿਹਾੜਾ ਮਨਾਇਆ ਗਿਆ। ਕਿਸਾਨ ਮਰਦ ਔਰਤਾਂ ਸਮੇਤ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਆਕਾਸ਼ ਗੁੰਜਾਊ ਨਾਹਰੇ ਐਲਾਨ ਕਰ ਰਹੇ ਸਨ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ। ਅੱਜ ਦਿੱਲੀ ਦੀਆਂ ਸਰਹੱਦਾਂ ਤੇ ਕੇਐਮਪੀ ਤੇ ਕੇਜੀਪੀ ਹਾਈਵੇਅ ਜਾਮ ਕੀਤੇ ਗਏ ਅਤੇ ਪੰਜਾਬ ਅੰਦਰ ਵੀ ਮੋਦੀ ਹਕੂਮਤ ਖਿਲਾਫ ਰੋਹਲੀ ਗਰਜ ਸੁਣਾਈ ਦਿੱਤੀ। ਅੱਜ ਧਰਨੇ ਨੂੰ ਬਲਵੰਤ ਸਿੰਘ ਉੱਪਲੀ,ਗੁਰਬਖਸ਼ ਸਿੰਘ ਕੱਟੂ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ,ਲਾਲ ਸਿੰਘ ਧਨੌਲਾ, ਮਨਵੀਰ ਕੌਰ ਰਾਹੀ,ਪਰਮਜੀਤ ਕੌਰ ਠੀਕਰੀਵਾਲਾ, ਹਰਚਰਨ ਚੰਨਾ, ਮਨਜੀਤ ਰਾਜ,ਨਛੱਤਰ ਸਿੰਘ ਸਹੌਰ, ਗੁਰਵਿੰਦਰ ਸਿੰਘ,ਬਿੱਕਰ ਸਿੰਘ ਔਲਖ, ਮਾਸਟਰ ਜਸਪਾਲ ਸਿੰਘ,ਗੋਰਾ ਸਿੰਘ ਢਿਲਵਾਂ, ਜਸਪਾਲ ਕੌਰ ਕਰਮਗੜ੍ਹ,ਗੁਰਦਰਸ਼ਨ ਸਿੰਘ ਫਰਵਾਹੀ ਤੇ ਬਾਬੂ ਸਿੰਘ ਖੁੱਡੀ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਬੈਠਿਆਂ 100 ਦਿਨ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਕਿਸਾਨ ਅੰਦੋਲਨ ਨੂੰ ਲਟਕਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਥੱਕ ਹਾਰ ਕੇ ਘਰ ਵਾਪਸ ਚਲੇ ਜਾਣ। ਪਰ ਸਰਕਾਰ ਦਾ ਇਹ ਬਹੁਤ ਵੱਡਾ ਭੁਲੇਖਾ ਹੈ ਕਿਉਂਕਿ ਕਿਸਾਨ ਵਾਰ ਵਾਰ ਕਹਿ ਚੁੱਕੇ ਹਨ ਕਿ ਜਦ ਤੱਕ ਕਾਨੂੰਨ ਵਾਪਸੀ ਨਹੀਂ ਤੱਦ ਤੱਕ ਘਰ ਵਾਪਸੀ ਨਹੀਂ। ਪਿਛਲੇ ਦਿਨੀਂ ਕਲਕੱਤਾ ਵਿਖੇ ਲੇਖਕਾਂ, ਕਲਾਕਾਰਾਂ ਤੇ ਰੰਗਕਰਮੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਇਕ ਵਿਸ਼ਾਲ ਰੈਲੀ ਕੀਤੀ। 12 ਮਾਰਚ ਨੂੰ ਕਲਕੱਤਾ ਵਿਖੇ ਕਿਸਾਨ ਰੈਲੀ ਹੋ ਰਹੀ ਹੈ ਅਤੇ 15 ਮਾਰਚ ਨੂੰ ਮਜਦੂਰ ਤੇ ਕਿਸਾਨ ਮਿਲ ਕੇ ਸਰਕਾਰ ਵੱਲੋਂ ਸੰਸਾਰੀਕਰਨ, ਉਦਾਰੀਕਰਨ,ਨਿੱਜੀਕਰਨ ਦੀ ਨੀਤੀ ਤਹਿਤ ਸ਼ੁਰੂ ਕੀਤੀ ਆਰਥਿਕ ਸੁਧਾਰਾਂ ਦੀ ਕੜੀ ਤਹਿਤ ਪਬਲਿਕ ਸੈਕਟਰ ਅਦਾਰਿਆਂ ਦਾ ਨਿੱਜੀਕਰਨ ਪ੍ਰੋਗਰਾਮ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਕਰਨਗੇ।
ਆਗੂਆਂ ਨੇ ਦੱਸਿਆ ਕਿ ਇਸ ਦਿਨ ਕਿਸਾਨ ਕਾਫਲੇ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਮਨਾਉਂਦਿਆਂ ਮਜਦੂਰ ਕਾਫਲਿਆਂ ਸੰਗ ਜਮਾਤੀ ਸਾਂਝ ਪਾਉਣਗੇ। ਸਮੇਂ ਦੇ ਬੀਤਣ ਨਾਲ ਕਿਸਾਨਾਂ ਦਾ ਅਹਿਦ ਹੋਰ ਦਿ੍ਰੜ ਹੋ ਰਿਹਾ ਹੈ। ਇੱਕ ਔਰਤ ਬੁਲਾਰੇ ਨੇ ਕਿਹਾ ਕਿ ਚਾਹੇ ਸਾਨ ਜਾਨਾਂ ਵੀ ਕੁਰਬਾਨ ਕਿਉਂ ਨਾ ਕਰਨੀਆਂ ਪੈਣ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਬੁਲਾਰਿਆਂ ਨੇ ਕੱਲ੍ਹ 7 ਫਰਬਰੀ ਔਰਤਾਂ ਦੇ ਦਿੱਲੀ ਜਾਣ ਦੇ ਪ੍ਰੋਗਰਾਮ ਦੀ ਵਿਉਂਤਬੰਦੀ ਬਾਰੇ ਦੱਸਿਆ। ਹਰ ਪਿੰਡ ਦੀਆਂ ਔਰਤਾਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ। ਬੱਸਾਂ ਦਾ ਇੰਤਜਾਮ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਸਵੇਰੇ ਹੀ ਪਹੁੰਚ ਜਾਣਗੀਆਂ। ਦਿੱਲੀ ਜਾਣ ਦੀਆਂ ਇੱਛਕ ਔਰਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।।ਅੱਜ ਸਰਦਾਰਾ ਸਿੰਘ ਮੌੜ,ਨਰਿੰਦਰ ਸਿੰਗਲਾ, ਮੁਨਸ਼ੀ ਖਾਨ, ਗੁਲਾਬ ਸਿੰਘ ਗਿੱਲ ਤੇ ਹੇਮ ਰਾਜ ਠੁੱਲੀਵਾਲ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ। ਪਿੰਡ ਕਰਮਗੜ੍ਹ ਤੇ ਸੁਖਪੁਰਾ ਨਿਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ।