ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021 - ਅਕਸਰ ਹੀ ਟ੍ਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਠੱਗੀ ਮਾਰਨ ਦੇ ਮਾਮਲੇ ਆਉਂਦੇ ਹਨ। ਪਰ ਮਲੋਟ ਦੇ ਇੱਕ ਟ੍ਰੈਵਲ ਏਜੰਟ ਨਾਲ ਹੀ ਜਲੰਧਰ ਦੇ ਤਿੰਨ ਲੋਕਾਂ ਨੇ ਵਰਕ ਪਰਮਿਟ ਲਗਾਉਣ ਦੇ ਨਾਮ ’ਤੇ 20 ਲੱਖ ਰੁਪਏ ਦੀ ਠੱਗੀ ਮਾਰ ਲਈ। ਜਿੰਨਾਂ ਨੇ 13 ਵਿਦਿਆਰਥੀਆਂ ਦੇ ਵੀਜੇ ਹੀ ਜਾਅਲੀ ਲਗਵਾ ਦਿੱਤੇ ਅਤੇ 2 ਬੱਚਿਆਂ ਦੇ ਪਾਸਪੋਰਟ ਤੱਕ ਵਾਪਸ ਨਹੀਂ ਕੀਤੇ। ਮਲੋਟ ਨਿਵਾਸੀ ਜੋਬਨਦੀਪ ਸਿੰਘ ਨੇ ਦੱਸਿਆ ਕਿ ਉਸਦਾ ਮਲੋਟ ਦੀ ਤਿਕੋਨੀ ਚੌਂਕ ਵਿਖੇ ਗਿੱਲ ਇਮੀਗ੍ਰੇਸ਼ਨ ਸਰਵਿਸ ਦਾ ਦਫ਼ਤਰ ਹੈ।
ਉਸਨੇ 13 ਬੱਚਿਆਂ ਦੇ ਫੂਲ ਹੈਲਪਰ ਵਰਕ ਪਰਮਿਟ ਦਾ ਵੀਜਾ ਲੈਣ ਲਈ ਜਲੰਧਰ ਦੇ ਅਮਿਤ ਸ਼ਰਮਾ ਅਤੇ ਉਸਦੇ ਦੋ ਸਾਥੀਆਂ ਰਾਹੀਂ 2020 ਵਿਚ ਅਪਲਾਈ ਕੀਤਾ ਸੀ। ਉਕਤ ਵਿਅਕਤੀਆਂ ਨੇ ਉਸਤੋਂ 13 ਬੱਚਿਆਂ ਦੇ ਵੀਜਾ ਲਗਵਾਉਣ ਬਦਲੇ 19 ਲੱਖ 95 ਹਜ਼ਾਰ 500 ਰੁਪਏ ਲਏ ਸਨ। ਪਹਿਲਾਂ ਉਨਾਂ ਤੋਂ ਆਫ਼ਰ ਲੈਟਰ ਦੇ ਨਾਮ ’ਤੇ ਬਾਅਦ ਵਿਚ ਮੈਡੀਕਲ ਅਤੇ ਫਿਰ ਅਬੈਂਸੀ ਫੀਸ ਦੇ ਨਾਮ ’ਤੇ ਪੈਸੇ ਲਏ। ਉਸਤੋਂ ਇੱਕ ਹਫਤੇ ਬਾਅਦ ਜਦੋਂ ਉਹ ਵੀਜਾ ਲੈਣ ਗਏ ਤਾਂ ਉਨਾਂ ਨੂੰ13 ਬੱਚਿਆਂ ਦੇ ਬਿਨਾਂ ਸਟੈਂਪ ਤੋਂ ਜਾਅਲੀ ਵੀਜੇ ਲਗਵਾ ਕੇ ਦੇ ਦਿੱਤੇ। ਜਦੋਂ ਉਨਾਂ ਨੂੰ ਇਸ ਸਬੰਧ ਵਿਚ ਪੁੱਛਿਆ ਗਿਆ ਤਾਂ ਉਹ ਆਨਾਕਾਨੀ ਕਰਨ ਲੱਗੇ। ਜੋਬਨਦੀਪ ਨੇ ਦੱਸਿਆ ਕਿ ਕੁਝ ਸਮੇਂ ਤੱਕ ਤਾਂ ਉਹ ਲਾਰੇ ਲਗਾਉਂਦੇ ਰਹੇ ਜਦਕਿ ਬਾਅਦ ਵਿਚ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਥੋਂ ਤੱਕ ਕਿ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਪੁਲਸ ਚੌਂਕੀ ਨੇ ਵੀ ਉਸਦੀ ਗੱਲ ਨਹੀਂ ਸੁਣੀ। ਫਿਰ ਉਸਨੇ ਜੁਲਾਈ 2020 ਵਿਚ ਮਲੋਟ ਵਿਚ ਸ਼ਿਕਾਇਤ ਦਿੱਤੀ। ਪਰ ਪੁਲਸ ਨੇ ਕੋਈ ਗੱਲ ਨਹੀਂ ਸੁਣੀ। ਅੰਤ ਉਸ ਨੇ ਮਲੋਟ ਦੇ ਵਿਧਾਇਕ ਅਜੈਬ ਸਿੰਘ ਭੱਟੀ ਤੋਂ ਵਾਰ ਵਾਰ ਸਿਫ਼ਾਰਸ਼ ਕਰਵਾ ਕੇ ਮੁਸ਼ਕਿਲ ਨਾਲ ਪਰਚਾ ਦਰਜ਼ ਕਰਵਾਇਆ ਹੈ। ਦੂਜੇ ਪਾਸੇ ਥਾਣਾ ਸਿਟੀ ਮਲੋਟ ਦੇ ਥਾਣੇਦਾਰ ਹਰਵਿੰਦਰਪਾਲ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਪੂਰੀ ਜਾਂਚ ਦੇ ਬਾਅਦ ਅਮਿਤ ਸ਼ਰਮਾ, ਅਰੁਣ ਸ਼ਰਮਾ, ਗੌਰਵ ਸ਼ਰਮਾ ਨਿਵਾਸੀ ਰੀਪਬਲਿਕ ਓਵਰਸੀਜ ਨਿਰਮਲ ਕੰਪਲੈਕਸ ਪਹਿਲੀ ਮੰਜਿਲ ਜਲੰਧਰ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਤੱਕ ਬਾਕੀ ਹੈ।