ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 6 ਮਾਰਚ 2021 - ਅਮਰੀਕਾ ਦੇ ਸੂਬੇ ਮਿਸੀਸਿਪੀ ਨੇ ਟ੍ਰਾਂਸਜੈਂਡਰ ਖਿਡਾਰੀਆਂ ਉੱਪਰ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਮਹਿਲਾ ਟੀਮਾਂ ਨਾਲ ਮੁਕਾਬਲੇ ਤੇ ਪਾਬੰਦੀ ਲਾਉਂਦਾ ਇੱਕ ਬਿੱਲ ਪਾਸ ਕੀਤਾ ਹੈ। ਸਟੇਟ ਹਾਊਸ ਨੇ ਇਸ ਮਿਸੀਸਿਪੀ ਫੇਅਰਨੈਸ ਐਕਟ ਨੂੰ ਪਾਸ ਕਰਨ ਲਈ ਬੁੱਧਵਾਰ ਦੇ ਦਿਨ 81-28 ਨਾਲ ਵੋਟ ਦਿੱਤੀ।ਇਸ ਤੋਂ ਪਹਿਲਾਂ ਪਿਛਲੇ ਮਹੀਨੇ ਰਾਜ ਦੀ ਸੈਨੇਟ ਦੁਆਰਾ ਵੀ 34-9 ਵੋਟਾਂ ਨਾਲ ਇਸਨੂੰ ਪਾਸ ਕੀਤਾ ਗਿਆ ਸੀ। ਇਸਦੇ ਇਲਾਵਾ ਸੂਬੇ ਦੇ ਗਵਰਨਰ ਟੇਟ ਰੀਵੀਜ਼ ਨੇ ਵੀ ਵੀਰਵਾਰ ਨੂੰ ਕਿਹਾ ਕਿ ਉਹ ਇਸ ਬਿੱਲ ‘ਤੇ ਦਸਤਖਤ ਕਰਨਗੇ। ਅਮਰੀਕਾ ਵਿੱਚ ਜ਼ਿਆਦਾਤਰ ਰਾਜਾਂ ਨੇ ਅਜਿਹੇ ਕਾਨੂੰਨ ਦਾ ਪ੍ਰਸਤਾਵ ਦਿੱਤਾ ਹੈ ਜੋ ਟ੍ਰਾਂਸਜੈਂਡਰ ਵਿਦਿਆਰਥੀ, ਐਥਲੀਟਾਂ ਨੂੰ ਸਕੂਲ ਦੀਆਂ ਖੇਡਾਂ ਵਿਚ ਹਿੱਸਾ ਲੈਣ ਤੋਂ ਰੋਕੇਗਾ।
26 ਫਰਵਰੀ ਤੱਕ, ਏ ਸੀ ਐਲ ਯੂ ਅਨੁਸਾਰ ਪਿਛਲੇ ਸਾਲ 18 ਦੇ ਮੁਕਾਬਲੇ ਇਸ ਸਾਲ 25 ਰਾਜਾਂ ਨੇ ਇਸ ਤਰ੍ਹਾਂ ਦੇ ਬਿੱਲਾਂ 'ਤੇ ਵਿਚਾਰ ਕੀਤਾ ਹੈ।ਜਿਸਦੇ ਤਹਿਤ ਵਿਸਕਾਨਸਿਨ ਨੇ ਵੀ ਇਸ ਹਫਤੇ ਅਜਿਹਾ ਹੀ ਬਿਲ ਪੇਸ਼ ਕੀਤਾ ਸੀ।ਆਇਡਾਹੋ ਨੇ ਵੀ ਪਿਛਲੇ ਸਾਲ ਟ੍ਰਾਂਸਜੈਂਡਰਾਂ ਨੂੰ ਔਰਤਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਸੀ , ਜਿਸਨੂੰ ਇੱਕ ਸੰਘੀ ਜ਼ਿਲ੍ਹਾ ਅਦਾਲਤ ਨੇ ਮੁਅੱਤਲ ਕਰ ਦਿੱਤਾ ਸੀ ਅਤੇ ਇਸ ਨੂੰ ਅਜੇ ਤੱਕ ਲਾਗੂ ਕਰਨਾ ਬਾਕੀ ਹੈ। ਮਿਸੀਸਿਪੀ ਵਿੱਚ ਇਹ ਬਿੱਲ ਇਸ ਸਾਲ ਦੋਨੋ ਚੈਂਬਰਾਂ ਵਿਚੋਂ ਸਫਲਤਾਪੂਰਵਕ ਲੰਘਣ ਵਾਲਾ ਬਿੱਲ ਹੈ ਜਦਕਿ ਬੁੱਧਵਾਰ ਨੂੰ ਸਾਊਥ ਡਕੋਟਾ ਅਤੇ ਯੂਟਾਹ ਪਿਛਲੇ ਮਹੀਨੇ ਇਸ ਵਿੱਚ ਅਸਫਲ ਰਹੇ ਹਨ।