ਪੰਜਾਬੀ ਗਾਇਕ ਮਲਕੀਤ ਸਿੰਘ ਪਹੁੰਚਣਗੇ ਕਿਸਾਨੀ ਮੋਰਚੇ 'ਤੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ,5 ਮਾਰਚ,2021: ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬੀ ਗਾਇਕ ਮਲਕੀਤ ਸਿੰਘ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਕੋਰੋਨਾ ਬੀਮਾਰੀ ਦੇ ਚੱਲਦੇ ਘਰ ਵਿਚ ਹੀ ਬੰਦ ਸਨ ਅਤੇ ਹੁਣ ਵੀ ਯੂ ਕੇ ਜਿੱਥੋਂ ਦੇ ਉਹ ਵਸਨੀਕ ਹਨ 8 ਮਾਰਚ ਤਕ ਲੌਕ ਡਾਊਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਉਨ੍ਹਾਂ ਨੂੰ ਇਕ ਸੁਫਨਾ ਜਿਹਾ ਲੱਗ ਰਿਹਾ ਹੈ, ਕਿਉਂਕਿ ਪਿਛਲੇ ਇਕ ਸਾਲ ਤੋਂ ਇਸ ਭਿਆਨਕ ਬੀਮਾਰੀ ਦੇ ਕਰਕੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨੀ ਮੁੱਦੇ ਤੇ ਗੱਲਬਾਤ ਕਰਦੇ ਹੋਏ ਮਲਕੀਤ ਨੇ ਕਿਹਾ ਕਿ ਇਸ ਵਾਰ ਜਦੋਂ ਉਹ ਵਿਦੇਸ਼ ਤੋਂ ਭਾਰਤ ਆਉਣ ਲੱਗੇ ਤਾਂ ਉਨ੍ਹਾਂ ਦੇ ਜਾਣਕਾਰ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਕਿਸੇ ਤੀਰਥ ਤੇ ਨਹੀਂ ਬਲਕਿ ਕਿਸਾਨੀ ਮੋਰਚੇ ਤੇ ਹਾਜ਼ਰੀ ਲਵਾਉਣ ਲਈ ਕਿਹਾ ।
ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਉਹ ਦਿੱਲੀ ਬਾਰਡਰ ਤੇ ਕਿਸਾਨੀ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਜਾਣਗੇ। ਕੇਂਦਰ ਸਰਕਾਰ ਦੇ ਕਾਨੂੰਨ ਵਾਪਸ ਨਾ ਲੈਣ ਤੇ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਕਿਸੇ ਕਾਨੂੰਨ ਜਾਂ ਗੱਲ ਨੂੰ ਲੈ ਕੇ ਜਦੋਂ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਕਾਨੂੰਨ ਜਾਂ ਉਹ ਗੱਲ ਸਰਕਾਰ ਵੱਲੋਂ ਵਾਪਸ ਲੈ ਲਈ ਜਾਂਦੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇੰਨੇ ਲੋਕ ਸ਼ਹੀਦ ਹੋ ਜਾਣ ਅਤੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਕੋਈ ਵੀ ਸਹੀ ਫ਼ੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਵੱਸ ਰਹੇ ਪੰਜਾਬੀ ਵੀ ਕਿਸਾਨੀ ਮੁੱਦੇ ਤੇ ਗੰਭੀਰਤਾ ਨਾਲ ਸੋਚਦੇ ਹਨ , ਹਾਲਾਂਕਿ ਦੀਪ ਸਿੱਧੂ ਦੇ ਸਵਾਲ ਕਰਨ ਤੇ ਮਲਕੀਤ ਸਿੰਘ ਨੇ ਕਿਹਾ ਕਿ ਇਹ ਇੱਕ ਪੇਚੀਦਾ ਮਸਲਾ ਹੈ ਜਿਸ ਉੱਤੇ ਉਹ ਕੁਝ ਵੀ ਨਹੀਂ ਕਹਿ ਸਕਦੇ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਸਮੇਂ ਪ੍ਰਕਰਮਾਂ ਵਿੱਚ ਕਈ ਬਜ਼ੁਰਗ ਬੀਬੀਆਂ ਦੇ ਮਲਕੀਤ ਨੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਵੀ ਲਿਆ ਅਤੇ ਕਈ ਲੋਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਅਤੇ ਫੋਟੋਆਂ ਵੀ ਖਿਚਵਾਈਆਂ।