ਅਸ਼ੋਕ ਵਰਮਾ
ਬਠਿੰਡਾ,4ਮਾਰਚ2021: ਬਠਿੰਡਾ ਜਿਲ੍ਹੇ ਦੇ ਬਲਾਕ ਭਗਤਾ ਭਾਈ ’ਚ ਪੈਂਦੇ ਪਿੰਡ ਕੋਠਾ ਗੁਰੂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬੰਦੀ ਬਣਾਏ ਪਾਵਰਕੌਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਮੋਟਰ ਦਾ ਕੁਨੈਕਸ਼ਨ ਜੋੜਨ ਉਪਰੰਤ ਛੱਡ ਦਿੱਤਾ ਹੈ। ਪਿੰਡ ਕੋਠਾ ਗੁਰੂ ਦੇ ਕਿਸਾਨ ਰਣਧੀਰ ਸਿੰਘ ਦੀ ਮੋਟਰ ਨੂੰ ਜਾਅਲੀ ਕਰਾਰ ਦਿੰਦਿਆਂ ਕੁਨੈਕਸ਼ਨ ਕੱਟਣ ਗਈ ਟੀਮ ਕਿਸਾਨਾਂ ਬੁੱਧਵਾਰ ਨੂੰ ਬੰਦੀ ਬਣਾ ਲਈ ਸੀ ਜੋ ਕਰੀਬ 24 ਘੰਟੇ ਬਾਅਦ ਵੀਰਵਾਰ ਨੂੰ ਸਮਝੌਤਾ ਹੋਣ ਤੇ ਅਜਾਦ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸਾਨ ਰਣਧੀਰ ਸਿੰਘ ਵਾਸੀ ਕੋਠਾ ਗੁਰੂ ਦੀ ਮੋਟਰ ਦਾ ਕੁਨੈਕਸ਼ਨ ਕੱਟਣ ਦੀ ਭਿਣਕ ਪੈਂਦਿਆਂ ਮੌਕੇ ਤੇ ਪੁੱਜੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੇ ਪਾਵਰਕੌਮ ਦੀ ਟੀਮ ਜਿਸ ’ਚ ਐਸਡੀਓ ਵੀ ਸ਼ਾਮਲ ਸੀ ਦਾ ਘਿਰਾਓ ਕਰ ਲਿਆ ਅਤੇ ਕੁਨੈਕਸ਼ਨ ਜੋੜਨ ਦੀ ਮੰਗ ਕੀਤੀ।
ਜਦੋਂ ਅਧਿਕਾਰੀਆਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਟੀਮ ਨੂੰ ਮੌਕੇ ਤੇ ਹੀ ਬੰਦੀ ਬਣਾ ਲਿਆ ਅਤੇ ਮੋਟਰ ਚਾਲੂ ਕਰਨ ਦੀ ਸੂਰਤ ’ਚ ਛੱਡਣ ਦੀ ਗੱਲ ਆਖ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਪ੍ਰਸ਼ਾਸ਼ਨ ਮੌਕੇ ਤੇ ਪੁੱਜਾ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਟੱਸ ਤੋਂ ਮੱਸ ਨਾਂ ਹੋਏ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਰਾਤ ਵਕਤ ਵੀ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਕੋਈ ਸਿੱਟਾ ਨਾਂ ਨਿੱਕਲਿਆ। ਇਸੇ ਦੌਰਾਨ ਕਿਸਾਨ ਰਾਤ ਭਰ ਖੁੱਲ੍ਹੇ ਅਸਮਾਨ ’ਚ ਡਟੇ ਰਹੇ ਜਦੋਂਕਿ ਪਾਵਰਕੌਮ ਦੀ ਟੀਮ ਨੂੰ ਵੀ ਰਾਤ ਖੇਤਾਂ ’ਚ ਹੀ ਗੁਜਾਰਨੀ ਪਈ। ਪਤਾ ਲੱਗਿਆ ਹੈ ਕਿ ਪਾਵਰਕੌਮ ਦੀਆਂ ਮੁਲਾਜਮ ਯੂਨੀਅਨਾਂ ਦੇ ਆਗੂਆਂ ਨੇ ਵੀ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਕੇ ਟੀਮ ਨੂੰ ਛੱਡਣ ਦੀ ਅਪੀਲ ਕੀਤੀ ਸੀ।
ਮੁਲਾਜਮ ਆਗੂਆਂ ਦਾ ਕਹਿਣਾ ਸੀ ਕਿ ਇੱਕ ਤਰਾਂ ਨਾਲ ਇਹ ਭਰਾ ਮਾਰੂ ਜੰਗ ਹੈ ਇਸ ਲਈ ਕਿਸਾਨ ਆਗੂ ਆਪਣੇ ਫੈਸਲੇ ਤੇ ਵਿਚਾਰ ਕਰਨ ਪਰ ਇਸ ਦਾ ਵੀ ਕੋਈ ਅਸਰ ਨਹੀਂ ਹੋਇਆ। ਦੂਜੇ ਪਾਸੇ ਦਿਨ ਚੜ੍ਹਦਿਆਂ ਹੀ ਮੌਕੇ ਤੇ ਪੁਲਿਸ ਦੀ ਨਫਰੀ ਵਧਾ ਦਿੱਤੀ। ਮੌਕੇ ਤੇ ਪੁੱਜੇ ਜੱਥੇਬੰਦੀ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਦੂਸਰੇ ਆਗੁਆਂ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਿਵਲ ਪ੍ਰਸ਼ਾਸ਼ਨ ਦੇ ਅਫਸਰਾਂ ਨੇ ਗੱਲਬਾਤ ਦਾ ਦੌਰ ਚਲਾਇਆ ਜੋ ਸਫਲ ਰਿਹਾ। ਭਾਵੇਂ ਕੋਈ ਵੀ ਅਧਿਕਾਰੀ ਇਸ ਮੁੱਦੇ ਨੂੰ ਲੈਕੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੋਏ ਪਰ ਕਿਸਾਨਾਂ ਨੇ ਦੱਸਿਆ ਕਿ ਮੋਟਰ ਦਾ ਕੁਨੈਕਸ਼ਨ ਜੋੜਨ ਅਤੇ ਇਸ ਦੀ ਵੀਡੀਓ ਨਾਂ ਬਨਾਉਣ ਅਤੇ ਫੋਟੋਆਂ ਨਾ ਖਿੱਚ੍ਹਣ ਦੀ ਸਹਿਮਤੀ ਬਣੀ ਹੈ ਜਿਸ ਪਿੱਛੋ ਘਿਰਾਓ ਖਤਮ ਕੀਤਾ ਗਿਆ ਹੈ।
ਪੈਸਿਆਂ ਦੀ ਮੰਗ ਕਾਰਨ ਕੱਟਿਆ ਕੁਨੈਕਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਸੁਖਜੀਤ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਕਿਸਾਨ ਰਣਧੀਰ ਸਿੰਘ ਦੇ ਖੇਤ ’ਚ ਪਿਛਲੇ ਕਈ ਸਾਲਾਂ ਤੋਂ ਟਿਊਬਵੈਲ ਕੁਨੈਕਸ਼ਨ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੁਨੈਕਸ਼ਨ ਚਾਲੂ ਕੀਤਾ ਸੀ ਤਾਂ ਉਦੋਂ ਮਹਿਕਮੇ ਦੇ ਮੁਲਾਜਮਾਂ ਨੇ ਕਥਿਤ ਤੌਰ ਤੇ ਡੇਢ ਲੱਖ ਰੁਪਿਆ ਹਾਸਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਹੁਣ ਫਿਰ ਪਾਵਰਕੌਮ ਦੇ ਮੁਲਾਜਮਾਂ ਵੱਲੋਂ ਕਥਿਤ ਤੌਰ ਤੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਨਾਂ ਦੇਣ ਤੇ ਟੀਮ ਕੁਨੈਕਸ਼ਨ ਕੱਟਣ ਆਈ ਸੀ ਜਿਸ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਅਤੇ ਕੁਨੈਕਸ਼ਨ ਜੋੜਨ ਦੀ ਮੰਗ ਕਰ ਰਹੇ ਸਨ।
ਸਰਕਾਰੀ ਨੀਤੀਆਂ ਦਾ ਸਿੱਟਾ: ਮੋਠੂ ਸਿੰਘ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਅਸਲ ’ਚ ਇਹ ਸਰਕਾਰਾਂ ਦੀਆਂ ਉਨ੍ਹਾਂ ਨੀਤੀਆਂ ਦਾ ਸਿੱਟਾ ਹੈ ਜਿੰਨ੍ਹਾਂ ਰਾਹੀਂ ਕਿਸਾਨਾਂ ਨੂੰ ਖੱਜਲਖੁਆਰ ਕਰਕੇ ਜਮੀਲਾਂ ਤੋਂ ਬੇਦਖਲ ਕਰਨ ਲਈ ਰਾਹ ਪੱਧਰਾ ਕਰਨਾ ਹੈ। ਉਨ੍ਹਾਂ ਆਖਿਆ ਕਿ ਜੱਥੇਬੰਦੀ ਵ ਕਿਸੇ ਵੀ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਵੇਗੀ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਦਾ ਘਿਰਾਓ ਕੀਤਾ ਜਾਏਗਾ।
ਫਰਜ਼ੀ ਕੁਨੈਕਸ਼ਨ ਕੱਟਣ ਗਈ ਸੀ ਟੀਮ
ਪਾਵਰਕੌਮ ਭਗਤਾ ਭਾਈ ਸਬ ਡਵੀਜਨ ਦੇ ਐਸਡੀਓ ਬੇਅੰਤ ਸਿੰਘ ਦਾ ਕਹਿਣਾ ਸੀ ਕਿ ਰਣਧੀਰ ਸਿੰਘ ਦੀ ਮੋਟਰ ਦਾ ਕੁਨੈਕਸ਼ਨ ਗੈਰਕਾਨੂੰਨੀ ਢੰਗ ਨਾਲ ਚਾਲੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਾਣਕਾਰੀ ਮਿਲਣ ਤੇ ਕਾਗਜ਼ ਪੱਤਰਾਂ ਦੀ ਪੜਤਾਲ ਕੀਤੀ ਤਾਂ ਇਸਦੇ ਕੋਈ ਦਸਤਾਵੇਜ਼ ਨਾਂ ਮਿਲੇ ਜਿਸ ਕਾਰਨ ਮੋਟਰ ਦੇ ਫਰਜੀ ਹੋਣ ਸਬੰਧੀ ਤੱਥ ਸਾਹਮਣੇ ਆ ਗਏ। ਉਨ੍ਹਾਂ ਦੱਸਿਆ ਕਿ ਉਹ ਕੁਨੈਕਸ਼ਨ ਕੱਟਣ ਗਏ ਤਾਂ ਕਿਸਾਨਾਂ ਨੇ ਟੀਮ ਨੂੰ ਬੰਦੀ ਬਣਾ ਲਿਆ। ਉਨ੍ਹਾਂ ਰਿਸ਼ਵਤ ਮੰਗਣ ਦੇ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਹੈ।
ਕੋਈ ਕੁਨੈਕਸ਼ਨ ਨਹੀਂ ਜੋੜਿਆ:ਐਕਸੀਅਨ
ਪਾਵਰਕੌਮ ਦੀ ਭਗਤਾ ਭਾਈ ਡਿਵੀਜਨ ਦੇ ਐਕਸੀਅਨ ਕਮਲਦੀਪ ਅਰੋੜਾ ਦਾ ਕਹਿਣਾ ਸੀ ਕਿ ਕਿਸਾਨ ਦਾ ਕੁਨੈਕਸ਼ਨ ਨਹੀਂ ਜੋੜਿਆ ਹੈ ਅਤੇ ਬੰਦੀ ਬਣਾਈ ਟੀਮ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਛੁਡਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਕਾਰਵਾਈ ਲਈ ਪੁਲਿਸ ਨੂੰ ਸ਼ਕਾਇਤ ਵੀ ਦਿੱਤੀ ਜਾ ਰਹੀ ਹੈ।