ਹਰੀਸ਼ ਕਾਲੜਾ
ਰੂਪਨਗਰ,04 ਮਾਰਚ 2021:ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਪ੍ਰਿੰਸੀਪਲ ਡਾਕਟਰ ਜਸਵਿੰਦਰ ਕੌਰ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 'ਮਹਿਲਾਵਾਂ ਦੇ ਸਸ਼ਕਤੀਕਰਨ ਦੇ ਰਸਤੇ ਵਿਚ ਰੁਕਾਵਟਾਂ' ਦੇ ਵਿਸ਼ੇ ਤੇ ਸੈਮੀਨਾਰ ਦਾ ਆਯੋਯਨ ਕੀਤਾ ਗਿਆ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਬੀ.ਏ. ਭਾਗ ਦੂਜਾ ਦੀ ਸੁਖਵਿੰਦਰ ਕੌਰ ਨੇ ਪਹਿਲਾ, ਐਮ.ਏ. ਭਾਗ ਦੂਜਾ ਰਾਜਨੀਤੀ ਵਿਗਿਆਨ ਦੀ ਮਹੇਸ਼ਵਰੀ ਸੁਕਲਾ ਨੇ ਦੂਜਾ ਅਤੇ ਬੀ.ਏ. ਭਾਗ ਤੀਜਾ ਦੇ ਨਿਤੇਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਬੋਲਦੇ ਹੋਏ ਕਿਹਾ ਕਿ ਅੱਜ 21 ਵੀਂ ਸਦੀ ਵਿਚ ਵੀ ਲੜਕੀ ਦੇ ਜਨਮ ਨੂੰ ਬੋਝ ਮੰਨਿਆ ਜਾਂਦਾ ਹੈ ਜਦੋਂ ਕਿ ਅੱਜ ਲੜਕੀਆਂ ਜੀਵਨ ਦੇ ਹਰ ਖੇਤਰ ਵਿੱਚ ਲੜਕਿਆਂ ਨਾਲੋਂ ਅੱਗੇ ਹਨ।
ਅੱਜ 1 ਹਜਾਰ ਲੜਕਿਆਂ ਪਿਛੇ ਲੜਕੀਆਂ ਦੀ ਗਿਣਤੀ 940 ਤੱਕ ਸੀਮਿਤ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿੱਚ ਪਿਛਲੇ 50 ਸਾਲਾਂ ਵਿੱਚ 4.6 ਕਰੋੜ ਭਰੂਣ ਹੱਤਿਆਵਾਂ ਹੋਈਆਂ ਹਨ। ਵਿਸ਼ਵ ਲਿੰਗਕ ਸਮਾਨਤਾ ਵਿਚ ਭਾਰਤ 153 ਦੇਸ਼ਾਂ ਵਿਚੋਂ 112ਵੇਂ ਸਥਾਨ ਤੇ ਹੈ। ਨੈਸ਼ਨਲ ਕਰਾਈਮ ਰਿਪੋਰਟ ਬਿਓਰੋ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ 2017 ਵਿਚ 3 ਲੱਖ 59 ਹਜਾਰ 349 ਕੇਸ, 2018 ਵਿਚ 3 ਲੱਖ 78 ਹਜਾਰ 236 ਕੇਸ ਅਤੇ 2019 ਵਿਚ 4 ਲੱਖ 5 ਹਜਾਰ 861 ਕੇਸ ਰਜਿਸਟਰਡ ਹੋਏ। ਅੱਜ ਵੀ ਔਰਤਾਂ ਦੀ ਸਾਖਰਤਾਂ ਦੀ ਦਰ ਸਿਰਫ 65.46 ਫੀਸ਼ਦੀ ਹੈ। ਮੌਜੂਦਾ ਸਮੇਂ ਵਿਚ ਲੋਕ ਸਭਾ ਵਿਚ ਔਰਤਾਂ ਦੀ ਸਹਿਭਾਗਤਾ ਦੀ ਦਰ 14.39 ਫੀਸਦੀ ਅਤੇ ਰਾਜ ਸਭਾ ਵਿਚ ਸਿਰਫ 10 ਫੀਸ਼ਦੀ ਹੈ।
ਵਿਸਵ ਪੱਧਰ ਤੇ ਸੰਸਦ ਵਿਚ ਔਰਤਾਂ ਦੀ ਸਹਿਭਾਗਤਾ ਦੇ ਖੇਤਰ ਵਿਚ ਭਾਰਤ ਦਾ 193 ਦੇਸਾਂ ਵਿਚੋਂ 148 ਵਾਂ ਸਥਾਨ ਹੈ। ਵਰਤਮਾਨ ਸਮੇਂ ਭਾਰਤ ਦੀਆਂ ਕੁੱਲ 26 ਉੱਚ ਅਦਾਲਤਾਂ ਵਿਚ ਔਰਤ ਜੱਜਾਂ ਦੀ ਗਿਣਤੀ ਸਿਰਫ 82 ਹੈ ਅਤੇ ਸੁਪਰੀਮ ਕੋਰਟ ਦੇ 34 ਜੱਜਾਂ ਵਿਚੋਂ ਸਿਰਫ 2 ਮਹਿਲਾ ਜੱਜ ਹਨ। ਕੇਂਦਰ ਸਰਕਾਰ ਦੀਆਂ ਸੇਵਾਵਾਂ ਵਿਚ ਔਰਤਾਂ ਦੀ ਸਹਿਭਾਗਤਾ 10.93 ਫੀਸ਼ਦੀ, ਸਮੁੱਚੇ ਭਾਰਤ ਵਿਚ ਪੁਲਿਸ ਵਿਭਾਗ ਵਿਚ ਔਰਤਾਂ ਦੀਆਂ ਸਹਿਭਾਗਤਾ ਸਿਰਫ 8.98 ਫੀਸ਼ਦੀ ਹੈ। ਥਲ ਸੈਨਾ ਵਿਚ ਔਰਤਾਂ ਦੀ ਸਹਿਭਾਗਤਾ 0.56 ਫੀਸਦੀ, ਵਾਯੂ ਸੈਨਾ ਵਿਚ 1.08 ਫੀਸ਼ਦੀ ਅਤੇ ਜਲ ਸੈਨਾ ਵਿਚ 6.5 ਫੀਸ਼ਦੀ ਹੈ। ਇਸੇ ਤਰ੍ਹਾਂ ਅਰਧ ਸੈਨਿਕ ਬਲਾਂ ਵਿਚ ਵੀ ਔਰਤਾਂ ਦੀ ਸਹਿਭਾਗਤਾ ਮਹਿਜ 2.4 ਫੀਸ਼ਦੀ ਹੈ।
ਰਾਜਨੀਤਿਕ ਖੇਤਰ ਵਿਚ ਸੋਨੀਆ ਗਾਂਧੀ, ਪ੍ਰਿਅਕਾ ਗਾਂਧੀ, ਕੁਮਾਰੀ ਮਾਈਵਤੀ, ਮਮਤਾ ਬੈਨਰਜੀ ਅਤੇ ਵਸੂਧਰਾ ਰਾਜੇ ਸਿੰਧੀਆ, ਵਾਯੂ ਸੈਨਾ ਦੇ ਖੇਤਰ ਵਿਚ ਲੜਾਕੂ ਜਹਾਜ ਪਾਇਲਟਾ ਭਾਵਨਾ ਕਾਂਤ, ਅਵਨੀ ਚਤੁਰਵੇਦੀ ਅਤੇ ਮੋਹਨਾ ਸਿੰਘ ਅਤੇ ਖੇਡ ਜਗਤ ਵਿਚ ਸਾਈਨਾ ਨੇਹਵਾਲ, ਬਬੀਤਾ ਫੋਗਾਟ, ਮੈਰੀ ਕੋਮ, ਸਮਰਿਤੀ ਮੰਧਾਨਾ, ਮਿਥਾਲੀ ਰਾਜ ਅਤੇ ਭਾਰਤੀ ਅੰਤਰਿਕਸ ਅਨੁਸੰਧਾਨ ਕੇਂਦਰ ਵਿਚ ਤੈਨਾਤ ਮਹਿਲਾ ਵਿਗਿਆਨਿਕਾ ਰੀਤੂ ਕਰੀਧਲ, ਅਨੁਰਾਧਾ ਟੀ.ਕੇ, ਨੰਦਨੀ ਹਰੀਨਾਥ, ਟੇਸੀ ਥੋਮਸ, ਮੁਥਾਈਆ ਵਨੀਤਾ ਅਤੇ ਗਗਨਦੀਪ ਕੰਗ ਮਹਿਲਾ ਸਸ਼ਕਤੀਕਰਨ ਦੀਆਂ ਉਦਾਹਰਨਾਂ ਹਨ। ਔਰਤਾਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੀ ਮਹਿਲਾ ਦਿਵਸ ਦੀ ਸਾਰਥਿਕਤਾ ਹੈ। ਇਸ ਮੌਕੇ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚਾਰ ਕਰਨ ਲਈ ਐਮ.ਏ. ਭਾਗ ਦੂਜਾ ਰਾਜਨੀਤੀ ਵਿਗਿਆਨ ਦੇ ਹਰਮਿੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।