ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2021 - ਖੇਤ ਮਜ਼ਦੂਰਾਂ ਨੂੰ ਆਏ ਦਹਿ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭਰਨ ਤੋਂ ਅਸਮਰੱਥ ਮਜ਼ਦੂਰਾਂ ਦੇ ਮੀਟਰ ਪੁੱਟੇ ਜਾਣ ਤੋਂ ਰੋਹ ਵਿੱਚ ਖੇਤ ਮਜ਼ਦੂਰਾਂ ਵੱਲੋਂ 5ਮਾਰਚ ਨੂੰ ਐਕਸੀਅਨ ਦਫ਼ਤਰ ਬਾਦਲ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪਿੰਡ ਸਿੰਘੇਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਕਾਲਾ ਸਿੰਘ ਸਿੰਘੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਮਿੱਠੜੀ ਬੁੱਧਗਿਰ, ਗੱਗੜ, ਖਿਓਵਾਲੀ, ਕਿੱਲਿਆਂਵਾਲੀ, ਫਰੀਦਕੋਟ ਕੋਟਲੀ ਤੇ ਸਿੰਘੇਵਾਲਾ,ਫਤੂਹੀਵਾਲਾ ਦੇ ਮਜ਼ਦੂਰ ਆਗੂਆਂ ਵੱਲੋਂ ਹਿੱਸਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਕਾਲ਼ਾ ਸਿੰਘ ਖੂਨਣ ਖੁਰਦ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੇ ਰਾਜ ਦੌਰਾਨ ਬਿਜਲੀ ਦੇ ਰੇਟਾਂ ਤੇ ਭਾਰੀ ਵਾਧਾ ਹੋਣ ਤੇ ਬਿਜਲੀ ਮੀਟਰਾਂ ਦੇ ਤੇਜ਼ ਚੱਲਣ ਕਾਰਨ ਮਜ਼ਦੂਰਾਂ ਨੂੰ ਦਹਿ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਗਏ ਹਨ ਜਿਨ੍ਹਾਂ ਨੂੰ ਭਰਨਾ ਮਜ਼ਦੂਰਾਂ ਦੀ ਵੱਸ ' ਚ ਹੀ ਨਹੀਂ।
ਉਹਨਾਂ ਆਖਿਆ ਕਿ ਲਾਕਡਾਊਨ ਦੌਰਾਨ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋਣ ਸਦਕਾ ਉਹ ਉਸ ਸਮੇਂ ਬਿੱਲ ਅਦਾ ਨਹੀਂ ਕਰ ਸਕੇ ਪਰ ਸਰਕਾਰ ਨੇ ਉਸ ਸਮੇਂ ਦੇ ਸਮੁੱਚੇ ਬਿੱਲ ਮੁਆਫ ਕਰਨ ਦੀ ਥਾਂ ਉਲਟਾ ਉਹਨਾਂ ਦੇ ਨਾਲ ਜੁਰਮਾਨਾ ਮੜ੍ਹ ਦਿੱਤਾ ਹੈ ਜਿਸ ਕਾਰਨ ਕੁਝ ਪਰਿਵਾਰਾਂ ਨੂੰ ਲੱਖ ਲੱਖ ਰੁਪਏ ਤੋਂ ਵਧੇਰੇ ਬਿੱਲ ਭੇਜੇ ਗਏ ਹਨ। ਉਹਨਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ/ਦਲਿਤਾਂ ਦੇ ਖੜ੍ਹੇ ਬਕਾਏ ਖ਼ਤਮ ਕੀਤੇ ਜਾਣ, ਪੁੱਟੇ ਹੋਏ ਮੀਟਰ ਤੁਰੰਤ ਜੋੜੇ ਜਾਣ ਅਤੇ ਖੇਤੀ ਮੋਟਰਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਸਮੁੱਚੇ ਬਿੱਲ ਮੁਆਫ ਕੀਤੇ ਜਾਣ। ਮਹਿਲਾ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਤਾਰਾਵੰਤੀ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਚੁੱਕੇ ਕਦਮਾਂ ਦੀ ਬਦੌਲਤ ਹੀ ਮਜ਼ਦੂਰਾਂ ਨੂੰ ਭਾਰੀ ਬਿਜਲੀ ਬਿੱਲ ਭੇਜੇ ਗਏ ਹਨ। ਉਹਨਾਂ ਕਿਹਾ ਕਿ ਬਿਜਲੀ ਸੋਧ ਬਿੱਲ ਲਾਗੂ ਹੋ ਗਿਆ ਤਾਂ ਬਿਜਲੀ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗੀ।
ਮਜ਼ਦੂਰ ਆਗੂ ਰਾਮਪਾਲ ਸਿੰਘ ਗੱਗੜ ਨੇ ਬਿਜਲੀ ਬਿੱਲਾਂ ਦੀ ਮੁਆਫੀ ਦੇ ਮਾਮਲੇ 'ਚ ਮਜ਼ਦੂਰਾਂ ਨਾਲ਼ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖੇਤੀ ਮੋਟਰਾਂ ਦੇ ਤਾਂ ਪੂਰੇ ਬਿੱਲ ਮੁਆਫ ਕੀਤੇ ਗਏ ਹਨ ਜਦੋਂ ਕਿ ਮਜ਼ਦੂਰਾਂ ਨੂੰ 200 ਯੂਨਿਟਾ ਦੀ ਮੁਆਫੀ ਉਤੇ ਵੀ ਅਨੇਕਾਂ ਸ਼ਰਤਾਂ ਮੜੀਆਂ ਗੲੀਆਂ ਹਨ। ਉਹਨਾਂ ਇਲਾਕੇ ਦੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ 5 ਮਾਰਚ ਨੂੰ ਪੁਟੇ ਮੀਟਰ ਬਿਨਾਂ ਸ਼ਰਤ ਜੋੜਨ, ਖੜ੍ਹੇ ਬਕਾਏ ਖ਼ਤਮ ਕਰਨ ਅਤੇ ਖੇਤੀ ਮੋਟਰਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਸਮੁੱਚੇ ਬਿਜਲੀ ਬਿੱਲ ਬਿਨਾਂ ਸ਼ਰਤ ਮੁਆਫ ਕਰਨ ਵਰਗੀਆਂ ਮੰਗਾਂ ਨੂੰ ਲੈਕੇ ਐਕਸੀਅਨ ਦਫ਼ਤਰ ਬਾਦਲ ਅੱਗੇ ਦਿੱਤੇ ਜਾ ਰਹੇ ਧਰਨੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।ਇਸ ਮੌਕੇ ਮਜ਼ਦੂਰ ਆਗੂ ਮੱਖਣ ਸਿੰਘ, ਬੂਟਾ ਸਿੰਘ,ਬਾਬੂ ਸਿੰਘ, ਜਗਸੀਰ ਸਿੰਘ ਖਿਓਵਾਲੀ ਆਦਿ ਆਗੂ ਵੀ ਮੌਜੂਦ ਸਨ।