ਅਸ਼ੋਕ ਵਰਮਾ
ਬਠਿੰਡਾ, 3 ਮਾਰਚ 2021 - ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਫੋਰਸ ਕਲੱਬ ਵੱਲੋਂ ਬੀ.ਟੈੱਕ (ਸਿਵਲ ਇੰਜਨੀਅਰਿੰਗ) ਦੇ ਵਿਦਿਆਰਥੀਆਂ ਲਈ ‘ਖ਼ਾਕੇ ਦੀ ਯੋਜਨਾਬੰਦੀ ਅਤੇ ਖਰੜਾ ਤਿਆਰ ਕਰਨ ਲਈ ਆਟੋਕੈਡ 2ਡੀ’ ਬਾਰੇ ਇੱਕ ਵਰਕਸ਼ਾਪ ਕਰਵਾਈ ਗਈ । ਜਿਸ ਵਿੱਚ ਇਨਫ਼ੋਵਿਜ਼, ਬਠਿੰਡਾ ਤੋਂ ਟੈਕਨੀਕਲ ਹੈਡ ਸ੍ਰੀ ਸ਼ਿਵਮ ਕਲਿਆਣ ਨੇ ਪ੍ਰਮੁੱਖ ਮਾਹਿਰ ਵਜੋਂ ਸ਼ਿਰਕਤ ਕੀਤੀ। ਬੀ.ਟੈੱਕ (ਸਿਵਲ ਇੰਜਨੀਅਰਿੰਗ) ਦੇ ਚੌਥਾ ਅਤੇ ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।
ਇਸ ਵਰਕਸ਼ਾਪ ਦਾ ਉਦੇਸ਼ ਆਟੋਕੈਡ 2ਡੀ ਦੀ ਵਰਤੋਂ ਕਰਦਿਆਂ ਪੇਸ਼ੇਵਰ 2ਡੀ ਡਰਾਇੰਗ, ਡਿਜ਼ਾਈਨ ਤੇ ਖਰੜਾ ਤਿਆਰ ਕਰਨ ਲਈ ਜ਼ਰੂਰੀ ਕਮਾਂਡਾਂ ਅਤੇ ਸਹਿਯੋਗੀ ਡਿਜ਼ਾਈਨ ਪ੍ਰਕਿਰਿਆ ਬਾਰੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਾ ਸੀ। ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਆਟੋਕੈਡ ਯੂਜ਼ਰ ਇੰਟਰਫੇਸ ਦੀ ਵਰਤੋਂ, ਆਟੋਕੈਡ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ, ਆਟੋਕੈਡ ਵਿੱਚ ਸੁੱਧ ਡਰਾਫਟਿੰਗ ਟੂਲਜ਼ ਨਾਲ ਸਹੀ ਤਕਨੀਕੀ ਡਰਾਇੰਗਾਂ ਬਣਾਉਣ ਅਤੇ ਡਰਾਇੰਗਾਂ ਨੂੰ ਵਿਸਤਰਿਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਬਾਰੇ ਸਿੱਖਿਆ।
ਮਾਹਿਰ ਨੇ ਅਭਿਆਸ ਸੈਸ਼ਨ ਵਿੱਚ ਆਪਣੇ ਹੱਥਾਂ ਨਾਲ ਆਟੋਕੈਡ 2ਡੀ ਵਰਤੋਂ ਕਰਦਿਆਂ ਸਿੱਧੇ ਤੌਰ ’ਤੇ ਕੰਮ ਕਰ ਕੇ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕੀਤਾ ਅਤੇ ਸਿਵਲ ਇੰਜਨੀਅਰਿੰਗ ਦੇ ਵੱਖ-ਵੱਖ ਖੇਤਰਾਂ ਵਿੱਚ ਆਟੋਕੈਡ 2ਡੀ ਦੀ ਮਹੱਤਤਾ ਬਾਰੇ ਦੱਸਿਆ । ਸਿਵਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਅਤੇ ਫੈਕਲਟੀ ਮੈਂਬਰਾਂ ਨੇ ਮਹਿਮਾਨ ਬੁਲਾਰੇ ਦਾ ਵਿਦਿਆਰਥੀਆਂ ਦੇ ਨਾਲ ਆਪਣੇ ਗਿਆਨ ਅਤੇ ਕੀਮਤੀ ਤਜਰਬੇ ਸਾਂਝੇ ਕਰਨ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਸ਼ਲਾਘਾ ਕੀਤੀ।