ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 28 ਫਰਵਰੀ 2021 - ਕੈਲੀਫੋਰਨੀਆ ਸੂਬੇ ਵਿੱਚ ਲਾਸ ਏਂਜਲਸ ਦੇ ਨੇੜੇ ਇੱਕ ਵੇਅਰ ਹਾਊਸ 'ਚ ਲੱਗੀ ਅੱਗ ਨੇ ਵੱਡੀ ਪੱਧਰ 'ਤੇ ਤਬਾਹੀ ਮਚਾਈ ਹੈ। ਇਸ ਅਗਨੀਕਾਂਡ ਦੇ ਸੰਬੰਧ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸ਼ੁੱਕਰਵਾਰ ਸਵੇਰੇ ਕੈਲੀਫੋਰਨੀਆ ਦੇ ਕੋਪਟਨ 'ਚ ਉਦਯੋਗਿਕ ਖੇਤਰ ਵਿੱਚ ਇੱਕ ਗੋਦਾਮ ਨੂੰ ਲੱਗੀ ਅੱਗ ਦੀ ਸੂਚਨਾ ਮਿਲਣ ਉਪਰੰਤ 100 ਤੋਂ ਵੱਧ ਅੱਗ ਬੁਝਾਉਣ ਵਾਲੇ ਕਾਮਿਆਂ ਨੇ ਦਰਜਨਾਂ ਅੱਗ ਬੁਝਾਉਣ ਵਾਲੇ ਟਰੱਕਾਂ ਸਮੇਤ ਕਾਰਵਾਈ ਕੀਤੀ।
ਸ਼ੁੱਕਰਵਾਰ ਸਵੇਰੇ 4:30 ਚਾਰ ਵਜੇ ਸ਼ੁਰੂ ਹੋਈ ਇਸ ਅੱਗ ਨੇ ਜ਼ਿਆਦਾ ਖੇਤਰ ਵਿੱਚ ਫੈਲਣ ਦੇ ਨਾਲ ਨੇੜੇ ਖੜ੍ਹੀਆਂ ਘੱਟੋ ਘੱਟ ਇੱਕ ਦਰਜਨ ਬੱਸਾਂ ਦੀ ਇੱਕ ਕਤਾਰ ਨੂੰ ਵੀ ਨਸ਼ਟ ਕਰ ਦਿੱਤਾ, ਜਿਸ ਨਾਲ ਅੱਗ ਦਾ ਧੂੰਆ ਵੀ ਵੱਡੀ ਪੱਧਰ ਤੱਕ ਫੈਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅਗਨੀਕਾਂਡ ਨਾਲ ਇਸ ਵਪਾਰਕ ਕੰਪਲੈਕਸ ਵਿੱਚ ਲੱਕੜ ਦੇ ਪੈਲੇਟ , ਆਵਾਜਾਈ ਦੇ ਵਾਹਨ ਅਤੇ ਗੱਦਿਆਂ ਦੀ ਕੰਪਨੀ ਦਾ ਵੀ ਨੁਕਸਾਨ ਹੋਇਆ ਹੈ। ਇਸਦੇ ਇਲਾਵਾ ਅੱਗ ਦੇ ਲੱਗਣ ਕਾਰਨ ਕਈ ਟ੍ਰਾਂਸਫਾਰਮਰ ਸੜ ਗਏ ਅਤੇ ਬਿਜਲੀ ਦੀਆਂ ਲਾਈਨਾਂ ਹੇਠਾਂ ਡਿੱਗ ਗਈਆਂ।
ਖੇਤਰ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਇਸ ਅੱਗ 'ਤੇ ਕਾਬੂ ਪਾਉਣ ਲਈ ਕਈ ਫਾਇਰ ਏਜੰਸੀਆਂ ਨੇ ਤਕਰੀਬਨ ਤਿੰਨ ਘੰਟੇ ਬਿਤਾਏ ਅਤੇ ਅਖੀਰ ਸਵੇਰੇ 7:45 ਵਜੇ ਤੱਕ, ਅੱਗ ਨੂੰ ਕਾਬੂ ਹੇਠ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਕਿਸੇ ਦੇ ਜਖਮੀ ਹੋਣ ਹੋਣ ਦੀ ਖਬਰ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।