Photo Source Twitter
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 28 ਫਰਵਰੀ 2021 - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਟੈਕਸਾਸ ਵਿੱਚ ਸਰਦੀਆਂ ਦੇ ਤੂਫਾਨ ਦੀ ਵਜ੍ਹਾ ਕਾਰਨ ਹੋਏ ਨੁਕਸਾਨ ਜਿਸ ਨਾਲ ਲੱਖਾਂ ਲੋਕ ਬਿਜਲੀ ਅਤੇ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਹਿਊਸਟਨ ਦੀ ਯਾਤਰਾ ਕਰਨਗੇ। ਇਸ ਸੰਬੰਧੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੇਨ ਪਸਾਕੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਈਡੇਨ ਸ਼ੁੱਕਰਵਾਰ ਨੂੰ ਆਪਣੀ ਪਤਨੀ ਜਿਲ ਬਾਈਡੇਨ ਨਾਲ ਟੈਕਸਾਸ ਸਟੇਟ ਦੀ ਯਾਤਰਾ ਕਰਨਗੇ ਅਤੇ ਸੂਬੇ ਦੇ ਗਵਰਨਰ ਗਰੇਗ ਐਬੋਟ ਨਾਲ ਦਿਨ ਬਤੀਤ ਕਰਨਗੇ।
ਪਸਾਕੀ ਅਨੁਸਾਰ ਰਾਸ਼ਟਰਪਤੀ ਨੁਕਸਾਨ ਦਾ ਸਰਵੇਖਣ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਸਹਾਇਤਾ ਲਈ ਕੇਂਦਰੀ ਸਰਕਾਰ ਦੇ ਸਾਰੇ ਸਰੋਤਾਂ ਦੀ ਵਰਤੋਂ ਕਰ ਸਕਣ। ਇਸਦੇ ਇਲਾਵਾ ਸਰਕਾਰ ਪਹਿਲਾਂ ਹੀ 100 ਤੋਂ ਵੱਧ ਕਾਉਂਟੀਆਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਚੁੱਕੀ ਹੈ ਅਤੇ ਫੇਮਾ ਸੰਸਥਾ ਇਸ ਨੁਕਸਾਨ ਦੀ ਸਮੀਖਿਆ ਵੀ ਕਰ ਰਹੀ ਹੈ, ਪਰ ਫਿਰ ਵੀ ਰਾਸ਼ਟਰਪਤੀ ਸੂਬੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਖੁਦ ਲੈਣਾ ਚਾਹੁੰਦੇ ਹਨ। ਬਾਈਡੇਨ ਨੇ ਸ਼ਨੀਵਾਰ ਨੂੰ ਟੈਕਸਾਸ ਵਿੱਚ ਇੱਕ ਵੱਡੀ ਬਿਪਤਾ ਦਾ ਐਲਾਨ ਕੀਤਾ ਸੀ, ਜਿਸ ਨਾਲ ਤੂਫਾਨ ਨਾਲ ਪ੍ਰਭਾਵਿਤ ਰਾਜ ਦੀਆਂ ਕਾਉਂਟੀਆਂ ਵਿੱਚ ਵਸਨੀਕਾਂ ਨੂੰ ਸੰਘੀ ਫੰਡਿੰਗ ਉਪਲੱਬਧ ਕੀਤੀ ਗਈ ਹੈ।
ਤੂਫਾਨ ਦੇ ਪ੍ਰਭਾਵ ਕਾਰਨ ਰਾਜ ਭਰ ਵਿੱਚ ਲੋਕਾਂ ਨੇ ਬਿਜਲੀ ਦੀ ਭਾਰੀ ਕਮੀ ਕਾਰਨ ਠੰਢੇ ਤਾਪਮਾਨ ਦਾ ਸਾਹਮਣਾ ਕੀਤਾ ਹੈ। ਇਲੈਕਟ੍ਰਿਕ ਰਿਲੀਬਿਲਿਟੀ ਕਾਉਂਸਿਲ ਆਫ ਟੈਕਸਸ (ਈ ਆਰ ਸੀ ਓ ਟੀ) ਜੋ ਕਿ ਰਾਜ ਦੀ 90% ਬਿਜਲੀ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਅਤੇ ਬਰਫੀਲੇ ਤੂਫਾਨ ਦੌਰਾਨ ਬਿਜਲੀ ਦੀਆਂ ਅਸਫਲਤਾਵਾਂ ਲਈ ਆਲੋਚਨਾ ਸਾਹਮਣਾ ਕਰ ਰਹੀ ਹੈ। ਇਸਦੇ ਇਲਾਵਾ ਟੈਕਸਾਸ ਵਿੱਚ, ਬਾਈਡੇਨ ਦੁਆਰਾ ਕੋਵਿਡ -19 ਟੀਕਾਕਰਨ ਪ੍ਰਕਿਰਿਆ ਦੇ ਸੰਬੰਧ ਵਿੱਚ ਇੱਕ ਵੈਕਸੀਨ ਕੇਂਦਰ ਦਾ ਦੌਰਾ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।