ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ, 27 ਫਰਵਰੀ 2021 - ਦਿੱਲੀ ਪੁਲਿਸ ਨੂੰ ਲੋੜੀਂਦੇ ਪੰਜਾਬੀ ਨੌਜਵਾਨ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਅੱਜ ਪੂਰੇ ਦੇਸ਼ 'ਚ ਫੇਸਬੁੱਕ ਤੋਂ ਹਟਾ ਦਿੱਤਾ ਗਿਆ। ਲੱਖਾ ਸਿਧਾਣਾ ਨਾਲ ਇਸ ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ ਤੇ ਲੱਖਾ ਸਿਧਾਣਾ ਕਈ ਵਾਰ ਕਿਸਾਨ ਅੰਦੋਲਨ ਸਬੰਧੀ ਵੀ ਇਸ ਪੇਜ ਤੋਂ ਲੋਕਾਂ ਨੂੰ ਸੰਬੋਧਿਤ ਹੁੰਦਾ ਰਿਹਾ ਹੈ।
ਮਹਿਰਾਜ ਰੋਸ ਰੈਲੀ ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਲੱਖੇ ਸਿਧਾਣੇ ਨੇ ਇਸੇ ਫੇਸਬੁੱਕ ਪੇਜ ਤੋਂ ਹੀ ਕੀਤੀ ਸੀ। ਲੱਖਾ ਸਿਧਾਣਾ ਦਾ ਫੇਸਬੁੱਕ ਤੋਂ ਪੇਜ ਹਟਾਉਣ ਤੇ ਦੇਸ਼ ਵਿਦੇਸ਼ ਦੇ ਨੌਜਵਾਨਾਂ ਵਿਚ ਭਾਰਤ ਸਰਕਾਰ ਪ੍ਰਤੀ ਭਾਰੀ ਰੋਸ ਹੈ। ਸ਼ੋਸ਼ਲ ਮੀਡੀਆ ਤੇ ਨੌਜ਼ਵਾਨਾਂ ਵੱਲੋਂ ਸਰਕਾਰ ਦੇ ਇਸ ਤਾਨਾਸ਼ਾਹ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕੇ ਸ਼ੋਸ਼ਲ ਮੀਡੀਆ ਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਤੇ ਪਾਬੰਦੀ ਲਗਾ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀ ਜਾ ਸਕਦਾ।
ਲੱਖਾ ਸਿਧਾਣਾ ਤੇ ਦਿੱਲੀ ਪੁਲਿਸ ਨੇ 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਨੌਜਵਾਨਾਂ ਨੂੰ ਲਾਲ ਕਿਲੇ ਤੇ ਉਕਸਾ ਕੇ ਲਿਜਾਣ ਦਾ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੋਇਆ ਹੈ। ਪੁਲਿਸ ਦੀ ਇਸ ਕਾਰਵਾਈ ਦੀ ਨਾਂ ਪ੍ਰਵਾਹ ਕਰਦਿਆਂ ਹੋਇਆਂ ਲੱਖਾ ਸਿਧਾਣਾ ਬੀਤੇ ਦਿਨੀਂ ਪਿੰਡ ਮਹਿਰਾਜ ਵਿੱਚ ਹੋਈ ਰੋਸ ਰੈਲੀ ਵਿੱਚ ਕਿਸਾਨ ਅੰਦੋਲਨ ਸਬੰਧੀ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਪਹੁੰਚਿਆ ਸੀ।