ਦਸੰਬਰ 2020’ਚ 594 ਰੁਪਏ ਤੋਂ ਬਾਅਦ ਹੁਣ ਫ਼ਰਵਰੀ 2021 ’ਚ ਗੈਸ ਸਿਲੰਡਰ ਮਿਲ ਰਿਹੈ 794 ਰੁਪਏ ਦਾ
ਪੈਟਰੋਲ-ਡੀਜ਼ਲ ਵੀ ਮਿਲ ਰਿਹੈ ਮਹਿੰਗੇ ਭਾਅ, ਆਮ ਵਰਗ ਦਾ ਨਿਕਲਿਆਂ ਕਚੂੰਬਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 27 ਫ਼ਰਵਰੀ 2021-ਕੇਂਦਰ ਸਰਕਾਰ ਵੱਲੋਂ ਅੱਛੇ ਦਿਨਾਂ ਦੇ ਨਾਅਰੇ ਹੇਠ ਸੱਤਾ ਦੀ ਦੂਜੀ ਵਾਰ ਵਾਗਡੋਰ ਤਾਂ ਭਾਵੇਂ ਸੰਭਾਲ ਲਈ ਗਈ ਹੈ, ਪਰ ਜੋ ਵਾਅਦੇ ਕੇਂਦਰ ਸਰਕਾਰ ਨੇ ਦੇਸ਼ ਦੀ ਜਨਤਾ ਨਾਲ ਕੀਤੇ ਸਨ, ਉਹ ਪੂਰੇ ਤਾਂ ਕੀ ਹੋਣੇ ਸਨ, ਉਲਟਾ ਲੋਕਾਂ ਨੂੰ ਮਹਿੰਗਾਈ ਦੀ ਦਲਦਲ ਵਿੱਚ ਇਸ ਤਰ੍ਹਾਂ ਧੱਕਿਆ ਜਾ ਰਿਹਾ ਹੈ ਕਿ ਲੋਕ ਹੁਣ ਪੂਰੀ ਤਰ੍ਹਾਂ ਕੇਂਦਰ ਸਰਕਾਰ ਤੋਂ ਨਾਖ਼ੁਸ਼ ਹੋਣ ਲੱਗੇ ਹਨ। ਇੱਕ ਪਾਸੇ ਖੇਤੀ ਕਾਨੂੰਨਾਂ ਦਾ ਰੌਲਾ ਤਾਂ ਦੂਜੇ ਪਾਸੇ ਤੇਲ ਤੇ ਰਸੋਈ ਗੈਸ ਕੀਮਤਾਂ ਦੇ ਵਾਧੇ ਕਾਰਨ ਲੋਕ ਕੇਂਦਰ ਸਰਕਾਰ ਨਾਲ ਮੱਥਾ ਲਗਾਉਣ ਲਈ ਤਿਆਰ ਹੋ ਗਏ ਹਨ। ਪਿਛਲੇ ਦਿਨੀਂ ਤੇਲ ਤੇ ਰਸੋਈ ਗੈਸ ਕੀਮਤਾਂ ਦੇ ਵਧੇ ਰੇਟਾਂ ਕਰਕੇ ਥਾਂ-ਥਾਂ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਕੀਤੇ ਸਨ, ਜਦੋਂਕਿ 26 ਫ਼ਰਵਰੀ ਨੂੰ ਵਪਾਰਿਕ ਸੰਗਠਨਾਂ ਵੱਲੋਂ ਇੱਕ ਦਿਨ ਲਈ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ, ਜੋ ਸਾਫ਼ ਕਰਦਾ ਹੈ ਕਿ ਲੋਕ ਕੇਂਦਰ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਅੱਕੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਲਾਕਡਾਊਨ ਦੀ ਮਾਰ ਹੇਠ ਆਏ ਲੋਕ ਅਜੇ ਤੱਕ ਪੱਧਰੇ ਨਹੀਂ ਹੋਏ ਹਨ ਤੇ ਅਜਿਹੇ ਵਿਚ ਸਰਕਾਰਾਂ ਨੇ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਸਗੋਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਕਰਕੇ ਲੋਕਾਂ ਨੂੰ ਇੱਕ ਮਾਰ ਹੋ ਪਾ ਦਿੱਤੀ ਹੈ। ਵਰਣਨਯੋਗ ਹੈ ਕਿ ਪੈਟਰੋਲ ਇਸ ਸਮੇਂ 92, ਡੀਜ਼ਲ 83 ਰੁਪਏ ਪ੍ਰਤੀ ਲੀਟਰ ਦੇ ਕਰੀਬ ਜਨਤਾ ਨੂੰ ਮਿਲ ਰਿਹਾ ਹੈ, ਜਦੋਂਕਿ ਰਸੋਈ ਗੈਸ ਸਿਲੰਡਰ ਹੁਣ 800 ਰੁਪਏ ਤੱਕ ਮਿਲਣ ਲੱਗਾ ਹੈ।
ਤਿੰਨ ਮਹੀਨਿਆਂ ’ਚ 200 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਗੈਸ ਸਿਲੰਡਰ ਦੇ ਰੇਟ ਵੱਧਣ ਨਾਲ ਲੋਕਾਂ ਦੀ ਜੇਬ ’ਤੇ ਇੱਕ ਵਾਰ ਫ਼ਿਰ ਤੋਂ ਬੋਝ ਵਧਿਆ ਹੈ। ਲਗਾਤਾਰ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਨਾਲ ਲੋਕਾਂ ਦਾ ਰਸੋਈ ਬਜ਼ਟ ਵਿਗੜ ਚੁੱਕਾ ਹੈ ਤੇ ਲੋਕ ਕੇਂਦਰ ਸਰਕਾਰ ਨੂੰ ਦੁਹਾਈਆਂ ਪਾਉਂਦੇ ਨਜ਼ਰ ਆ ਰਹੇ ਹਨ। ਦਸੰਬਰ 2020 ’ਚ 594 ਰੁਪਏ ’ਚ ਮਿਲਣ ਵਾਲਾ ਗੈਸ ਸਿਲੰਡਰ ਇਸ ਸਮੇਂ ਜਨਤਾ ਨੂੰ 794 ਰੁਪਏ ਦਾ ਮਿਲ ਰਿਹਾ ਹੈ ਤੇ ਅਜਿਹੇ ਵਿੱਚ ਆਮ ਵਰਗ ਲਈ ਹੁਣ ਗੈਸ ਸਿਲੰਡਰ ਵਰਤਣਾ ਵੀ ਵੱਸੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ।
ਇਹ ਹਨ ਪਿਛਲੇ ਤਿੰਨ ਮਹੀਨਿਆਂ ’ਚ ਵਧੇ ਗੈਸ ਸਿਲੰਡਰਾਂ ਦੇ ਰੇਟ
ਮਹੀਨਾ ਰੇਟ ’ਚ ਹੋਇਆ ਵਾਧਾ ਪਹਿਲਾਂ ਤੇ ਬਾਅਦ ’ਚ ਤੈਅ ਹੋਇਆ ਰੇਟ
1 ਦਸੰਬਰ 2020 50 ਰੁਪਏ ਦਾ ਵਾਧਾ 594 ਤੋਂ 644
1 ਜਨਵਰੀ 2021 50 ਰੁਪਏ ਦਾ ਵਾਧਾ 644 ਤੋਂ 694
4 ਫ਼ਰਵਰੀ 2021 25 ਰੁਪਏ ਦਾ ਵਾਧਾ 694 ਤੋਂ 719
15 ਫ਼ਰਵਰੀ 2021 50 ਰੁਪਏ ਦਾ ਵਾਧਾ 719 ਤੋਂ 769
25 ਫ਼ਰਵਰੀ 2021 25 ਰੁਪਏ ਦਾ ਵਾਧਾ 769 ਤੋਂ 794
ਸ਼ੋਸ਼ਲ ਮੀਡੀਆ ’ਚ ਮਹਿੰਗਾਈ ਨੂੰ ਲੈ ਕੇ ਛਿੜੀ ਜੰਗ
ਹਰ ਖੇਤਰ ’ਚ ਵੱਡੇ ਪੱਧਰ ’ਤੇ ਪ੍ਰਯੋਗ ਹੋਣ ਵਾਲੇ ਸ਼ੋਸ਼ਲ ਮੀਡੀਆ ’ਤੇ ਇਸ ਸਮੇਂ ਮਹਿੰਗਾਈ ਨੂੰ ਲੈ ਕੇ ਇੱਕ ਜੰਗ ਜਿਹੀ ਛਿੜੀ ਹੋਈ ਹੈ। ਸ਼ੋਸ਼ਲ ਮੀਡੀਆ ’ਤੇ ਲੋਕ ਲਗਾਤਾਰ ਤੇਲ ਤੇ ਰਸੋਈ ਗੈਸ ਕੀਮਤਾਂ ਦੇ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤੰਝ ਕੱਸਦੇ ਤੇ ਮਜ਼ਾਕ ਬਣਾਉਂਦੇ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੇਲ੍ਹ ਦੱਸਿਆ ਜਾ ਰਿਹਾ ਹੈ ਤਾਂ ਉਥੇ ਹੀ ਦੂਜੇ ਪਾਸੇ ਤੇਲ ਤੇ ਰਸੋਈ ਗੈਸ ਕੀਮਤਾਂ ’ਚ ਹੋਏ ਵਾਧੇ ਤੋਂ ਬਾਅਦ ਲੋਕ ਆਪਣੇ ਖਾਤਿਆਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਦੇ ਨਾਲ-ਨਾਲ ਇੱਕਜੁੱਟ ਹੋਣ ਦੀਆਂ ਰਣਨੀਤੀਆਂ ਵੀ ਘੜਨ ਲੱਗੇ ਹਨ। ਅਜਿਹਾ ਹਾਲ ਸ਼ੋਸ਼ਲ ਮੀਡੀਆ ਦੇ ਹਰ ਮਾਧਿਅਮ ’ਤੇ ਇਸ ਸਮੇਂ ਨਜ਼ਰ ਆ ਰਿਹਾ ਹੈ।