ਵੈਨਕੂਵਰ ਵਿਚਾਰ ਮੰਚ ਨੇ ਸਰਦੂਲ ਸਿਕੰਦਰ ਤੇ ਜਗਜੀਤ ਜ਼ੀਰਵੀ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ
ਵੈਨਕੂਵਰ, 27 ਫਰਵਰੀ, 2021 :ਵੈਨਕੂਵਰ ਵਿਚਾਰ ਮੰਚ ਵਲੋਂ ਸੰਗੀਤ ਜਗਤ ਦੀਆਂ ਉਘੀਆਂ ਸ਼ਖਸੀਅਤਾਂ ਜਗਜੀਤ ਜ਼ੀਰਵੀ ਅਤੇ ਸਰਦੂਲ ਸਿਕੰਦਰ ਦੇ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਹੈ ਤੇ ਇਸ ਨੂੰ ਪੰਜਾਬੀ ਸਾਹਿਤ ਤੇ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ । ਚਿੱਤਰਕਾਰ ਜਰਨੈਲ ਸਿੰਘ ਦੀ ਸੰਚਾਲਨਾ ਹੇਠ ਜ਼ੂਮ ਮੀਟਿੰਗ ਵਿਚ ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦੋਵੇਂ ਹੀ ਗਾਇਕ ਉਚ ਕੋਟੀ ਦੇ ਗਾਇਕ ਸਨ ਤੇ ਜਿਥੇ ਸਰਦੂਲ ਸਿਕੰਦਰ ਸਟਾਰ ਗਾਇਕ ਸੀ, ਜ਼ੀਰਵੀ ਹੋਰਾਂ ਦੀ ਗਾਇਕੀ ਸਾਹਿਤਕ ਸੀ । ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਦੋਵਾਂ ਹੀ ਗਾਇਕਾਂ ਦੀ ਆਪੋ ਆਪਣੇ ਖੇਤਰ ਵਿਚ ਵਿਲੱਖਣ ਪ੍ਰਾਪਤੀ ਤੇ ਸਥਾਨ ਸੀ। ਅੰਗਰੇਜ਼ ਬਰਾੜ ਨੇ ਉਹਨਾਂ ਨਾਲ ਅਪਣੀਆਂ ਨੱਜੀ ਯਾਦਾਂ ਸਾਂਝੀਆਂ ਕੀਤੀਆਂ।ਹਰਦਮ ਸਿੰਘ ਮਾਨ ਨੇ ਦੱਸਿਆ ਕਿ ਜ਼ੀਰਵੀ ਹੋਣਾਂ ਨੇ ਜੈਤੋ ਦੇ ਦੀਪਕ ਜੈਤੋਈ ਦੇ ਨਾਲ ਨਾਲ ਸ਼ਿਵ ਕੁਮਾਰ ,ਸ.ਸ. ਮੀਸ਼ਾ, ਗੁਰਚਰਨ ਰਾਮਪੁਰੀ ਤੇ ਹੋਰਨਾਂ ਦੀਆਂ ਵੀ ਬਹੁਤ ਗਜ਼ਲਾਂ ਗਾਈਆਂ। ਚਿੱਤਰਕਾਰ ਜਰਨੈਲ ਸਿੰਘ ਨੇ ਜ਼ੀਰਵੀ ਹੋਰਾਂ ਨਾਲ ਪਰਿਵਾਰਕ ਸਾਂਝ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਦੋਵੇਂ ਹੀ ਵੱਡੇ ਕਲਾਕਾਰ ਸਨ।ਸ਼ਾਇਰ ਜਸਵਿੰਦਰ ਨੇ ਵੀ ਜ਼ੀਰਵੀ ਹੋਰਾਂ ਦੀ ਸਾਹਿਤਕ ਗਾਇਕੀ ਨਾਲ ਪ੍ਰਤੀਬਧਤਾ ਦਾ ਵਿਸ਼ੇਸ਼ ਜ਼ਿਕਰ ਕੀਤਾ।ਪਰਮਜੀਤ ਸੇਖੋਂ, ਚਮਕੌਰ ਸਿੰਘ ਸੇਖੋਂ ਤੇ ਨਵਦੀਪ ਗਿੱਲ ਨੇ ਵੀ ਉਨਾਂ ਦੇ ਵਿਛੋੜੇ ਨੂੰ ਵੱਡਾ ਘਾਟਾ ਦਸਿਆ।