ਮਨਪ੍ਰੀਤ ਸਿੰਘ ਜੱਸੀ
- ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਦੇ ਇਤਿਹਾਸਕ ਬਾਗਾਂ ਦੀ ਸਾਫ ਸਫਾਈ ਰੱਖਣ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ
- ਕੰਪਨੀ ਬਾਗ ਦੀ ਦੇਖ ਰੇਖ ਤੇ ਸਾਫ ਸਫਾਈ ਲਈ 12 ਟੀਮਾਂ ਗਠਿਤ ਕੀਤੀਆਂ
ਅੰਮ੍ਰਿਤਸਰ, 26 ਫਰਵਰੀ, 2021 - ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੀ ਹਾਜ਼ਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਹਿਰ ਦੇ ਇਤਿਹਾਸਕ ਬਾਗ ਜਿੰਨ੍ਹਾਂ ਵਿਚ ਕੰਪਨੀ ਬਾਗ, ਸਕੱਤਰੀ ਬਾਗ, ਚਾਲੀ ਖੂਹ, ਗੋਲ ਬਾਗ, ਸ਼ਿਵਾਜੀ ਪਾਰਕ ਆਦਿ ਬਾਗਾਂ ਨੂੰ ਸਾਫ ਸੁਥਰਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਮੇਅਰ ਨੇ ਕਿਹਾ ਕਿ ਇਨ੍ਹਾਂ ਬਾਗਾਂ ’ਚ ਆਉਣ ਵਾਲੇ ਸ਼ਹਿਰਵਾਸੀਆਂ ਤੇ ਸੈਲਾਨੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਿਲ ਨਹੀਂ ਹੋਣੀ ਚਾਹੀਦੀ।
ਇਸ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਕਿਸੇ ਕਿਸਮ ਦੀ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ ਤੇ ਸਾਰੇ ਮੁਲਾਜ਼ਮ ਆਪਣੀ ਡਿਊਟੀ ਸਮੇਂ ਦੇ ਪਾਬੰਦ ਰਹਿ ਕੇ ਕੰਮ ਕਰਨਗੇ। ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਇੰਨ੍ਹਾਂ ਬਾਗਾਂ ਦੀ ਦੇਖ ਰੇਖ ਤੇ ਸਾਫ ਸਫਾਈ ਸਬੰਧੀ ਇਕ ਦਸ ਮੈਂਬਰ ਕਮੇਟੀ ਦਾ ਵੀ ਗਠਨ ਕੀਤਾ ਜੋ ਕਿ ਇੰਨ੍ਹਾਂ ਬਾਗਾਂ ਦੀ ਦੇਖ ਰੇਖ ਤੇ ਸਾਫ ਸਫਾਈ ਦਾ ਧਿਆਨ ਰੱਖਣਗੇ।
ਇਸ ਮੌਕੇ ਤੇ ਨਿਗਰਾਨ ਇੰਜੀਨੀਅਰ ਦੀਪਇੰਦਰ ਸੰਧੂ, ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ, ਰਾਮ ਬਾਗ ਡਿਵਲੈਪਮੈਂਟ ਦੇ ਮੈਂਬਰ ਗਿਰੀਸ਼ ਸ਼ਰਮਾ, ਸੁਸ਼ਾਂਤ ਭਾਟੀਆ, ਰਮਨ ਕੁਮਾਰ ਜੇ.ਈ., ਯਾਦਵਿੰਦਰ ਸਿੰਘ ਜੇ.ਈ. ਅਤੇ ਰਘੂਨੰਦਨ ਜੇ.ਈ. ਆਦਿ ਹਾਜ਼ਰ ਸਨ।