ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ 2021-ਟੀਏ ਫ਼ੰਡ ਐਚਈਆਈਐਸ ਤੋਂ ਪ੍ਰਾਪਤ ਵਿਆਜ਼ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਨਾ ਕਰਾਉਣ ਦੇ ਮਾਮਲੇ ਸਬੰਧੀ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਸਰਕਾਰੀ ਕਾਲਜ ਦੇ ਪਿ੍ਰੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਆਗੂ ਰਾਜਵਿੰਦਰ ਖੋਖਰ ਤੇ ਗੁਰਦਿੱਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਪੀ.ਟੀ.ਏ ਫੰਡ ਗੈਸਟ ਫਕੈਲਟੀ ਫੰਡ ,ਐਚ.ਈ.ਆਈ.ਐੱਸ ਫੰਡ ਦਾ ਵਿਆਜ਼ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਨਹੀਂ ਕਰਵਾਇਆ ਜਾਵੇਗਾ, ਜੋ ਪੰਜਾਬ ਸਰਕਾਰ ਵੱਲੋਂ ਕਾਲਜਾਂ ਨੂੰ ਨੋਟਿਸ ਕੱਢਿਆ ਗਿਆ ਹੈ ਜਿਸ ਦੀ ਪੰਜਾਬ ਸਟੂਡੈਂਟਸ ਯੂਨੀਅਨ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਸ ਸਮੇਂ ਵਿਦਿਆਰਥੀ ਆਗੂਆਂ ਨੇ ਪਿ੍ਰੰਸੀਪਲ ਸਰਦਾਰ ਬਿਕਰਮ ਸਿੰਘ ਵਿਰਕ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਫੰਡਾਂ ਦੇ ਵਿਆਜ਼ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਨਾ ਕਰਵਾਇਆ ਜਾਵੇ। ਉਨ੍ਹਾਂ ਫੰਡਾਂ ਨੂੰ ਵਿਦਿਆਰਥੀਆਂ ਅਤੇ ਕਾਲਜ ਭਲਾਈ ਦੇ ਕੰਮਾਂ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀ ਲੁੱਟ ਕਰ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਸਰਕਾਰ ਨੇ ਤਾਨਾਸ਼ਾਹ ਰੁਖ ਅਪਣਾਇਆ ਹੋਇਆ ਹੈ, ਜਿਸ ਕਾਲਜਾਂ ਨੇ ਅਜੇ ਤੱਕ ਫੰਡ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਕਾਲਜਾਂ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ, ਜੋ ਸਰਕਾਰ ਦੀ ਸ਼ਰਮਨਾਕ ਹਰਕਤ ਹੈ, ਜਿਸ ਦੇ ਤਹਿਤ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਲਜਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਗ੍ਰਾਂਟ ਜਾਰੀ ਕਰਨ ਦੀ ਬਜਾਏ ਉਲਟਾ ਕਾਲਜ ਨੂੰ ਸਰਕਾਰੀ ਖਜ਼ਾਨੇ ਵਿੱਚ ਆਪਣਾ ਪੈਸਾ ਜਮ੍ਹਾ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਨੋਟਿਸ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਵਿਦਿਆਰਥੀ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਅਰਸ਼ ਰੁਪਾਣਾ, ਰੋਬਿਨ ਧਿਗਾਣਾ, ਸਤਵਿੰਦਰ ਬਰਕੰਦੀ, ਗਗਨ ਰੁਪਾਣਾ, ਲਵਪ੍ਰੀਤ ਧਿਗਾਣਾ, ਰਮਨ ਬਰਕੰਦੀ,ਗੁਰਲੀਨ ਕੌਰ, ਰਜਨੀ ਕੌਰ, ਸਿਮਰਨ ਕੌਰ, ਸਤਵੀਰ ਕੌਰ,ਅਤੇ ਜਸਪ੍ਰੀਤ ਕੌਰ ਆਦਿ ਆਗੂ ਸ਼ਾਮਲ ਸਨ।