ਹਰੀਸ਼ ਕਾਲੜਾ
- ਸਮਾਰਟ ਤਕਨੀਕ ਨਾਲ ਮਿਆਰੀ ਸਿਖਲਾਈ ਲੈਣਗੇ ਅਧਿਆਪਕ
ਰੂਪਨਗਰ 25 ਫਰਵਰੀ 2021 - ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੂਰਦਰਸ਼ੀ ਸੋਚ ਅਤੇ ਯੋਗ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਨਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਜਿਲ੍ਹਿਆਂ ਵਿੱਚ ਮਿਆਰੀ ਅਤੇ ਸਮਾਰਟ ਤਕਨੀਕ ਨਾਲ ਸਿੱਖਣ-ਸਿਖਾਉਣ ਵਿਧੀਆਂ ਦੀ ਸਿਖਲਾਈ ਦੇਣ ਲਈ 13.12. ਕਰੋੜ ਰੁਪਏ ਦੀ ਲਾਗਤ ਨਾਲ 150 ਵਿਸ਼ੇਸ਼ ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਤਹਿਤ ਰੂਪਨਗਰ ਜਿਲ੍ਹੇ 'ਚ 26.36 ਲੱਖ ਦੀ ਲਾਗਤ ਨਾਲ 3 ਸਮਾਰਟ ਸਿਖਲਾਈ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰਾਜ ਕੂਮਾਰ ਖੋਸਲਾ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਜਰਨੈਲ ਸਿੰਘ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਪੰਜਾਬ ਅੰਦਰ ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪ੍ਰੋਜੈਕਟਰ, ਮਿਆਰੀ ਦਰਜੇ ਦਾ ਫ਼ਰਨੀਚਰ, ਆਧੁਨਿਕ ਸਾਉਂਡ ਸਿਸਟਮ ਅਤੇ ਲੋੜੀਂਦੀ ਸਹਾਇਕ ਸਮੱਗਰੀ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਸਿਖਲਾਈ ਸੈਸ਼ਨਾਂ ਦੀ ਅੱਜ-ਕੱਲ ਮਹੱਤਤਾ ਵੀ ਵੱਧ ਗਈ ਹੈ ਕਿਉਂਕਿ ਵਿਦਿਆਰਥੀਆਂ ਨੂੰ ਸਮਾਰਟ ਤਕਨੀਕਾਂ ਨਾਲ ਪੜ੍ਹਾਉਣ ਲਈ ਸਕੂਲਾਂ ਵਿੱਚ ਪ੍ਰੋਜੈਕਟਰ ਅਤੇ ਈ-ਕੰਟੈਂਟ ਦੀ ਵਰਤੋਂ ਕੀਤੀ ਜਾਂਦੀ ਹੈ।
ਅਧਿਆਪਕਾਂ ਵਿੱਚ ਸਿਖਲਾਈ ਸਮੇਂ ਸਮਾਰਟ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਉਹ ਬੇਝਿਜਕ ਇਹਨਾਂ ਦੀ ਵਰਤੋਂ ਕਰਨ ਲਈ ਸਿਖਲਾਈ ਲੈ ਸਕਣ। ਇਸਦੇ ਨਾਲ ਹੀ ਵਿਭਾਗ ਵੱਲੋਂ ਸਟੇਟ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਵੀ ਅਧਿਆਪਕ ਸਿਖਲਾਈ ਮਾਡਿਊਲ ਅਤੇ ਕੰਟੈਂਟ ਵੀ ਪਾਵਰ-ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਦਰਸਾਉਂਦੇ ਹਨ ਜਿਸ ਲਈ ਸਿਖਲਾਈ ਕੇਂਦਰ ਦਾ ਸਮਾਰਟ ਹੋਣਾ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਅਧਿਆਪਕ ਬਹੁਤ ਹੀ ਜਿਆਦਾ ਰੁਚੀ ਦਿਖਾ ਕੇ ਇਹਨਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਦੇ ਸਾਕਾਰਾਤਮਕ ਪ੍ਰਭਾਵ ਭਵਿੱਖ ਵਿੱਚ ਦੇਖਣ ਲਈ ਮਿਲਣਗੇ।