ਹਰਜਿੰਦਰ ਸਿੰਘ ਭੱਟੀ
- ਖੇਤੀ ਸਮੱਗਰੀ ਖਰੀਦ ਦਾ ਬਿੱਲ ਨਾ ਦੇਣ ਤੇ ਕੀਤੀ ਜਾਵੇਗੀ ਸਖਤ ਕਾਰਵਾਈ
- ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਨਵੇਂ ਲਾਇਸੈਂਸ, ਰੀਨਿਉਲ ਲਾਇਸੈਂਸ ਅਤੇ ਅਡੀਸ਼ਨਾਂ ਲਈ ਕੀਤਾ ਜਾਵੇ ਆਨ ਲਾਈਨ ਅਪਲਾਈ
ਐਸ.ਏ.ਐਸ. ਨਗਰ 25 ਜਨਵਰੀ 2021 - ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਡਾਂ ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾਵਾਂ/ਡੀਲਰਾਂ ਦੀ ਚੈੱਕਿਗ/ਸੈਪਲਿੰਗ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਡੇਰਾਬੱਸੀ ਦੀ ਟੀਮ ਵੱਲੋਂ ਕੀਤੀ ਗਈ।
ਇਸ ਮੌਕੇ ਡਾਂ ਗੁਰਬਚਨ ਸਿੰਘ ਨੇ ਖਾਦ,ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਰ ਕਿਸਾਨ ਨੂੰ ਖੇਤੀ ਸਮੱਗਰੀ ਦਾ ਬਿੱਲ ਜਰੂਰ ਦਿੱਤਾ ਜਾਵੇ,ਅਗਰ ਕੋਈ ਦੁਕਾਨਦਾਰ ਅਜਿਹਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਾਂ ਗੁਰਬਚਨ ਸਿੰਘ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਖੇਤੀ ਸਮੱਗਰੀ ਖ੍ਰੀਦਣ ਅਤੇ ਵੇਚਣ ਸਬੰਧੀ ਸਾਰੇ ਦਸਤਾਵੇਜ਼ ਮੁਕੰਮਲ ਰੱਖੇ ਜਾਣ, ਕਿਸਾਨਾਂ ਨੂੰ ਉੱਚ ਮਿਆਰੀ ਖੇਤ ਸਮੱਗਰੀ ਉਪਲਬੱਧ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਖੇਤੀ ਸਮੱਗਰੀ ਹੀ ਚੰਗੇ ਤਰ੍ਹਾਂ ਸਮਝਾ ਕੇ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦਾ ਆਰਥਿਕ ਨੁਕਸਾਨ ਨਾ ਹੋਵੇ।
ਇਸ ਮੌਕੇ ਡਾਂ ਜਸਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਡੀਲਰਾਂ ਨੂੰ ਕਿਹਾ ਕਿ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਨਵੇਂ ਲਾਇਸੈਂਸ, ਰੀਨਿਉਲ ਲਾਇਸੈਂਸ ਅਤੇ ਅਡੀਸ਼ਨਾਂ ਨੂੰ ਆਨ ਲਾਈਨ ਅਪਲਾਈ ਕੀਤਾ ਜਾਵੇ। ਉਨ੍ਹਾਂ ਅਖੀਰ ਵਿੱਚ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਕੋਈ ਵੀ ਖੇਤੀ ਸਮੱਗਰੀ ਖ੍ਰੀਦਣ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਤਾਲਮੇਲ ਜਰੂਰ ਕੀਤਾ ਜਾਵੇ। ਇਸ ਮੌਕੇ ਵਿਭਾਗ ਦੇ ਪੁਨੀਤ ਗੁਪਤਾ ਬੀ.ਟੀ.ਐਮ, ਮਨਜੀਤ ਸਿੰਘ ਅਤੇ ਸਵਿੰਦਰ ਕੁਮਾਰ ਏ.ਟੀ.ਐਮ ਵਗੈਰਾ ਹਾਜਰ ਸਨ।