ਪਰਵਿੰਦਰ ਸਿੰਘ ਕੰਧਾਰੀ
- ਸੜਕ ਦੇ ਫ਼ਰੀਦਕੋਟ ਵਾਲੇ ਹਿੱਸੇ ਕਰੀਬ 17 ਕਿਲੋਮੀਟਰ ਦਾ ਹੋਵੇਗਾ ਨਵੀਨੀਕਰਨ
- ਮੁਕੰਮਲ ਹੋਣ ਉਪਰੰਤ ਠੇਕੇਦਾਰ ਵਲੋਂ ਸੜਕ ਦੀ ਚਾਰ ਸਾਲ ਕੀਤੀ ਜਾਵੇਗੀ ਸਾਂਭ ਸੰਭਾਲ
ਫ਼ਰੀਦਕੋਟ 25 ਫ਼ਰਵਰੀ - ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜਿੱਥੇ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਉੱਥੇ ਹੀ ਲੋੜ ਅਨੁਸਾਰ ਪੁਰਾਣੀਆਂ ਸੜਕਾਂ ਦਾ ਨਵੀਨੀਕਰਨ ਕਰ ਕੇ ਲੋਕਾਂ ਨੂੰ ਵਧੀਆ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਫ਼ਰੀਦਕੋਟ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਦਿੱਤੀ।
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਫ਼ਰੀਦਕੋਟ ਜ਼ਿਲੇ ਦੇ ਵਿਕਾਸ ਲਈ ਵਿਸ਼ੇਸ਼ ਰੁਚੀ ਵਿਖਾਈ ਜਾ ਰਹੀ ਹੈ ਤੇ ਇੱਥੇ ਸੜਕਾਂ, ਪੁਲਾਂ ਦੀ ਉਸਾਰੀ ਤੋਂ ਇਲਾਵਾ ਵੱਡੀ ਪੱਧਰ ਤੇ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਫਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਦੀ ਚਿਰੋਕਣੀ ਮੰਗ ਵੀ ਪੂਰੀ ਹੋ ਗਈ ਹੈ ਅਤੇ ਫਰੀਦਕੋਟ-ਫਿਰੋਜ਼ਪੁਰ ਰੋਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਮਿੱਥੇ ਸਮੇਂ ਵਿੱਚ ਇਸ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤੇ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਵਾਲੇ ਹਿੱਸੇ ਜਿਸ ਦੀ ਲੰਬਾਈ ਕਰੀਬ 17 ਕਿਲੋਮੀਟਰ ਦੇ ਕਰੀਬ ਬਣਦੀ ਹੈ, ਤੇ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਕਿ ਸਾਦਿਕ ਚੌਂਕ ਤੋਂ ਫਿਰੋਜ਼ਪੁਰ ਰੋਡ ਵਾਲੇ ਪਾਸੇ ਨਗਰ ਕੌਂਸਲ ਦੇ 1 ਕਿਲੋੋਮੀਟਰ ਏਰੀਏ ਵਿਚ ਵਧੀਆ ਸੀਵਰੇਜ ਪਾਇਆ ਜਾਵੇਗਾ ਅਤੇ ਲੋੜ ਅਨੁਸਾਰ ਸਾਈਡ ਤੇ ਨਾਲਾ ਵੀ ਬਣਾਇਆ ਜਾਵੇਗਾ ਤਾਂ ਜੋ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਸੜਕ ਨੂੰ ਕੋਈ ਨੁਕਸਾਨ ਨਾ ਪੁੱਜੇ। ਉਨਾਂ ਇਹ ਵੀ ਦੱਸਿਆ ਕਿ ਇਸ ਰੋਡ ਤੇ ਜਿੱਥੇ ਜਿੱਥੇ ਵੀ ਸੜਕ ਦੇ ਕਿਨਾਰੇ ਲੋਕਾਂ ਨੇ ਮਿੱਟੀ ਜੋੜੀ ਹੋਈ ਹੈ ਉਸ ਨੂੰ ਲੋੜ ਅਨੁਸਾਰ ਹਟਾ ਕੇ ਬਰਸਾਤੀ ਪਾਣੀ ਦੀ ਨਿਕਾਸੀ ਜ਼ਮੀਨਾਂ ਵਾਲੇ ਪਾਸੇ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਸੜਕ ਦੇ ਮੁਕੰਮਲ ਹੋਣ ਉਪਰੰਤ ਠੇਕੇਦਾਰ ਵੱਲੋਂ ਇਸ ਸੜਕ ਦੀ ਚਾਰ ਸਾਲ ਸੰਭਾਲ ਕੀਤੀ ਜਾਵੇਗੀ ਤੇ ਟੁੱਟ ਭੱਜ ਦੀ ਜ਼ਿੰਮੇਵਾਰੀ ਉਸੇ ਦੀ ਹੀ ਹੋਵੇਗੀ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ: ਕੁਲਬੀਰ ਸਿੰਘ ਅਤੇ ਐੱਸ.ਡੀ.ਓ ਸ੍ਰੀ ਨਵੀਨ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ-ਫਿਰੋਜ਼ਪੁਰ ਰੋਡ ਦੇ ਨਵੀਨੀਕਰਨ ਦੌਰਾਨ ਸੜਕ ਤੇ ਡੀ.ਵੀ.ਐੱਮ ਅਤੇ ਬੀ.ਸੀ ਦੋ ਲੇਅਰ ਦੀ ਸੜਕ ਬਣਾਈ ਜਾ ਰਹੀ ਹੈ। ਜਿਸ ਦਾ ਕੰਮ 15 ਫਰਵਰੀ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਮਿਥੇ ਸਮੇਂ ਵਿਚ ਪੂਰਾ ਕਰਕੇ ਲੋਕਾਂ ਨੂੰ ਵਧੀਆ ਆਵਾਜਾਈ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਉਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਸੜਕ ਬਣਾਉਣ ਵਾਲੇ ਹਰੇਕ ਠੇਕੇਦਾਰ ਨਾਲ ਇਕਰਾਰਨਾਮਾ ਕੀਤਾ ਗਿਆ ਹੈ ਕਿ ਸੜਕ ਦੀ ਚਾਰ ਸਾਲ ਸੰਭਾਲ ਵੀ ਉਸੇ ਵੱਲੋਂ ਹੀ ਕੀਤੀ ਜਾਵੇਗੀ।